ਜਨਕ ਰਾਜ ਗਿੱਲ, ਕਰਤਾਰਪੁਰ : ਮਾਲੀ ਸੰਕਟ ਕਾਰਨ ਨਗਰ ਕੌਂਸਲ ਕਰਤਾਰਪੁਰ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੇ ਵਿਕਾਸ ਕਰਵਾਉਣ 'ਚ ਫਾਡੀ ਹੀ ਰਿਹਾ ਹੈ, ਜਦੋਂਕਿ ਕੌਂਸਲਰਾਂ ਦਾ ਕਾਰਜਕਾਲ ਸਮਾਪਤ ਹੋਣ ਕਰ ਕੇ ਕਮਾਂਡ ਅਫਸਰਸ਼ਾਹੀ ਕੋਲ ਹੈ।

ਇਤਿਹਾਸਕ ਸ਼ਹਿਰ ਦੀ ਤ੍ਰਾਸਦੀ ਇਹ ਹੈ ਕਿ ਨਗਰ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ 'ਚੋਂ ਪ੍ਰਧਾਨਗੀ ਲਈ ਸੀਟ ਰਾਖਵੀਂ ਹੋਣ ਕਾਰਨ ਕੋਈ ਵੀ ਪ੍ਰਧਾਨ ਬਹੁਤਾ ਸਮਾਂ ਅਹੁਦੇ ਦਾ ਨਿੱਘ ਨਹੀਂ ਮਾਣ ਸਕਿਆ। ਇਸ ਕਾਰਨ ਨਗਰ ਕੌਂਸਲ ਦੀ ਕਮਾਨ ਬਹੁਤਾ ਸਮਾਂ ਸੀਨੀਅਰ ਮੀਤ ਪ੍ਰਧਾਨ ਦੇ ਹੱਥਾਂ ਵਿਚ ਹੀ ਰਹੀ।

ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕੌਂਸਲਰਾਂ ਵੱਲੋਂ ਸਮਾਂ ਰਹਿੰਦਿਆਂ ਸ਼ਹਿਰ ਦੇ ਵਿਕਾਸ ਲਈ ਕੀਤੇ ਸਿਰਤੋੜ ਯਤਨਾਂ ਨੂੰ ਫੰਡਾਂ ਦੀ ਘਾਟ ਕਾਰਨ ਬੂਰ ਨਹੀਂ ਪੈ ਸਕਿਆ। ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਲਈ ਐਲਾਨ ਕੀਤੀ ਗ੍ਾਂਟ ਨਗਰ ਕੌਂਸਲ ਕੋਲ ਲੋੜੀਂਦੀ ਜ਼ਮੀਨ ਨਾ ਹੋਣ ਕਾਰਨ ਹਾਲੇ ਫਾਈਲਾਂ ਵਿਚ ਹੀ ਉਲਝੀ ਹੋਈ ਹੈ।

ਸ਼ਹਿਰ 'ਚ ਖੇਡ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ, ਲਾਇਬ੍ਰੇਰੀ ਤੇ ਜਨਤਕ ਪਖਾਨੇ ਤਕ ਵੀ ਨਹੀਂ ਹਨ। ਇਸ ਕਾਰਨ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਨਗਰ ਕੌਂਸਲ ਦੇ ਅਧਿਕਾਰੀ ਸ਼ਹਿਰ ਵਿਚ ਬੱਸ ਅੱਡਾ ਬਣਾਉਣ ਤੇ ਰੋਜ਼ਾਨਾ ਪੰਜ ਟਨ ਕੂੜਾ ਸਮੇਟਣ ਲਈ ਲੋੜੀਂਦੀ ਜ਼ਮੀਨ ਪ੍ਰਰਾਪਤ ਕਰਨ 'ਚ ਅਸਫਲ ਰਹੇ। ਇਸ ਕਾਰਨ ਸ਼ਹਿਰ ਵਿਚ ਸ਼ੁਰੂ ਹੋਣ ਵਾਲੇ ਪ੍ਰਰਾਜੈਕਟ ਸਰਕਾਰੀ ਫਾਈਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਵਿਕਾਸ ਨਾ ਹੋਣ ਦੀ ਤਸਵੀਰ ਨਗਰ ਕੌਂਸਲ ਦਫ਼ਤਰ ਦੀ ਟੁੱਟੀ ਹੋਈ ਕੰਧ ਸਾਫ ਕਰਦੀ ਹੈ, ਜਿਸ ਨੂੰ ਸਮਾਂ ਰਹਿੰਦਿਆਂ ਨਹੀਂ ਬਣਵਾਇਆ ਗਿਆ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਦੋ ਸਾਲ ਤੇ ਮੌਜੂਦਾ ਸਰਕਾਰ ਦੇ ਤਿੰਨ ਸਾਲਾਂ 'ਚ ਸ਼ਹਿਰ ਦੇ ਵਿਕਾਸ ਲਈ ਲੋੜੀਂਦੀ ਰਾਸ਼ੀ ਦੇਣ ਦੇ ਐਲਾਨ ਹੀ ਐਲਾਨ ਹੀ ਸਾਬਤ ਹੋਏ।

ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਪ੍ਰਰਾਜੈਕਟ ਸ਼ੁਰੂ ਨਾ ਹੋਣ ਸਬੰਧੀ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ।