ਸਾਹਿਲ ਸ਼ਰਮਾ, ਨਕੋਦਰ

ਨਵੀਂ ਦਾਣਾ ਮੰਡੀ 'ਚ ਪਨਗ੍ਰੇਨ ਤੇ ਆੜ੍ਹਤੀਆਂ ਦੀ ਸਹਿਮਤੀ ਮਿਲਣ ਦੇ ਬਾਵਜੂਦ ਦੁਕਾਨਾਂ ਦੀ ਵੰਡ ਨਾ ਹੋਣ ਕਾਰਨ ਪਿਛਲੇ ਦੋ ਦਿਨਾਂ ਤੋਂ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਪ੍ਰਭਾਵਿਤ ਹੋਣ ਕਰ ਕੇ ਦਾਣਾ ਮੰਡੀ 'ਚ ਥਾਂ-ਥਾਂ 'ਤੇ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ। ਆਪਣੀ ਸਮੱਸਿਆ ਨੂੰ ਲੈ ਕੇ ਨਿਊ ਦਾਣਾ ਮੰਡੀ ਆੜ੍ਹਤੀਆ ਐਸੋਸੀਏਸਨ ਨਕੋਦਰ ਦਾ ਇਕ ਵਫਦ ਐੱਸਡੀਐੱਮ ਦਫਤਰ ਗਿਆ ਤਾਂ ਇਕ ਮੈਂਬਰ ਦੀ ਅਚਾਨਕ ਹਾਲਤ ਖਰਾਬ ਹੋ ਗਈ ਜਿਸ ਨੂੰ ਤੁਰੰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਬਾਹਰ ਐਸੋਸੀਏਸਨ ਦੇ ਪ੍ਰਧਾਨ ਰਾਜ ਕੁਮਾਰ ਜਗੋਤਾ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਨੂੰ ਖਰੀਦਣ ਲਈ ਪਨਗ੍ਰੇਨ, ਮਾਰਕਫੈੱਡ, ਵੇਅਰ ਹਾਊਸ ਤੇ ਪਨਸਪ ਸਰਕਾਰੀ ਏਜੰਸੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਆੜ੍ਹਤੀਆਂ ਨੂੰ ਦੁਕਾਨਾਂ ਦੀ ਵੰਡ ਲਈ ਪਨਗ੍ਰੇਨ ਕੋਲ ਪੂਰੇ ਅਧਿਕਾਰ ਸਨ ਇਸ ਵਾਰ ਆੜ੍ਹਤੀਆਂ ਦੀ ਸਹਿਮਤੀ ਨਹੀਂ ਲਈ ਗਈ ਤੇ ਆਪਣੀ ਮਰਜ਼ੀ ਨਾਲ ਸੈਲਰ ਦਿੱਤੇ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਝੋਨੇ ਦੀ ਲਿਫਟਿੰਗ ਵੇਲੇ ਇਕ ਸੈਲਰ ਜੋ ਝੋਨੇ ਦੀ ਫਸਲ ਨੂੰ ਲੈਣ ਵੇਲੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਦਾ ਹੈ ਉਹ ਇਸ ਵਾਰ ਉਸ ਸੈੱਲਰ ਨੂੰ ਫ਼ਸਲ ਦੇਣ ਦੇ ਹੱਕ ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਦਾਣਾ ਮੰਡੀ 'ਚ ਇਸ ਗੱਲ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਝੋਨੇ ਦੀ ਫਸਲ ਦੀ ਖ਼ਰੀਦੀ ਨਹੀਂ ਗਈ। ਸਬੰਧਤ ਸੈਲਰ ਦੇ ਮਾਲਕ ਨੇ ਕਿਹਾ ਕਿ ਉਹ ਹਮੇਸ਼ਾ ਸਰਕਾਰੀ ਮਾਪਦੰਡਾਂ 'ਤੇ ਖ਼ਰੀਦੀ ਹੋਈ ਫਸਲ ਲੈਂਦੇ ਹਨ ਤੇ ਕਦੇ ਵੀ ਵਾਪਸੀ ਨਹੀਂ ਕੀਤੀ। ਇਸ ਵਾਰ ਅਜੇ ਤਕ ਝੋਨੇ ਦੀ ਫ਼ਸਲ ਉਨ੍ਹਾਂ ਦੇ ਸੈਲਰ 'ਚ ਨਹੀਂ ਪੁੱਜੀ, ਜਦੋਂ ਵੀ ਸਰਕਾਰੀ ਖਰੀਦੀ ਫ਼ਸਲ ਉਨ੍ਹਾਂ ਦੇ ਸੈਲਰ 'ਚ ਆਵੇਗੀ ਉਹ ਖ਼ਰੀਦਣਗੇ। ਇਸ ਸਬੰਧੀ ਐੱਸਡੀਐੱਮ ਨਕੋਦਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਉਨ੍ਹਾਂ ਕੋਲ ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰ ਆਏ ਸਨ ਤੇ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਏਐੱਫਐੱਸਓ, ਸੈਕਟਰੀ ਮਾਰਕੀਟ ਕਮੇਟੀ ਨਕੋਦਰ ਤੇ ਡੀਐੱਫਐੱਸਸੀ ਨੂੰ ਸੱਦ ਕੇ ਗੱਲ ਕੀਤੀ ਤੇ ਸਾਰੀ ਸਥਿਤੀ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸਬੰਧਤ ਤਿੰਨਾਂ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਸ਼ਾਮ ਤਕ ਆੜ੍ਹਤੀਆਂ ਦੀ ਸਹਿਮਤੀ ਨਾਲ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਤੇ ਮੰਗਲਵਾਰ ਦਾਣਾ ਮੰਡੀ 'ਚ ਫ਼ਸਲ ਦੀ ਖ਼ਰੀਦ ਆਮ ਵਾਂਗ ਹੋ ਜਾਵੇਗੀ।