ਜੇਐੱਨਐੱਨ, ਜਲੰਧਰ : ਨਿੱਜੀ ਨਸ਼ਾ ਛੁਡਾਊ ਕੇਂਦਰ ਪੰਜਾਬ 'ਚ ਨਸ਼ਾ ਛਡਵਾਉਣ ਲਈ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਦਵਾਈਆਂ ਦੀ ਕੀਮਤ ਘੱਟ ਕਰਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਨਿੱਜੀ ਨਸ਼ਾ ਛੁਡਾਊ ਕੇਂਦਰ ਦਵਾਈਆਂ ਦੀ ਮਨਮਰਜ਼ੀ ਦੀ ਕੀਮਤ ਵਸੂਲ ਰਹੇ ਹਨ ਤੇ ਸਿਹਤ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ।

ਹੁਕਮ ਜਾਰੀ ਹੋਣ ਦੇ 10 ਦਿਨ ਬਾਅਦ ਵੀ ਸਿਹਤ ਵਿਭਾਗ ਲੋਕਾਂ ਨੂੰ ਘੱਟ ਕੀਮਤ 'ਤੇ ਦਵਾਈਆਂ ਮੁੱਹਈਆ ਕਰਵਾਉਣ 'ਚ ਨਾਕਾਮ ਰਿਹਾ। ਸਿਹਤ ਵਿਭਾਗ ਵੱਲੋਂ 4 ਨਵੰਬਰ ਨੂੰ ਸੂਬੇ ਭਰ ਦੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਲਈ ਵਰਤੀ ਜਾਣ ਵਲੀ ਦਵਾਈ ਬੁਰਫੀਨੋਰਫਿਨ ਤੇ ਨਿਲੋਕਸੀਨ ਦੀ ਦਵਾ ਦੀ ਕੀਮਤ ਘੱਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਸਿਹਤ ਵਿਭਾਗ ਦੀ ਿਢੱਲੀ ਕਾਰਜਪ੍ਰਣਾਲੀ ਕਾਰਨ ਨਿੱਜੀ ਨਸ਼ਾ ਛੁਡਾਊ ਕੇਂਦਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ ਤੇ ਮਨਮਰਜ਼ੀ ਦੀ ਕੀਮਤ ਵਸੂਲ ਰਹੇ ਹਨ। ਸਿਹਤ ਵਿਭਾਗ ਤੋਂ ਇਕ ਗੋਲੀ ਦੀ ਕੀਮਤ 7.50 ਰੁਪਏ ਤੈਅ ਕੀਤੀ ਗਈ ਜਦੋਂ ਕਿ ਨਿੱਜੀ ਸੈਂਟਰ 35 ਤੋਂ ਲੈ ਕੇ 38 ਰੁਪਏ ਪ੍ਰਤੀ ਗੋਲੀ ਵਸੂਲ ਰਹੇ ਹਨ। ਇਕ ਮਰੀਜ਼ ਨੇ ਦੋਸ਼ ਲਾਇਆ ਕਿ ਉਹ ਸਤਿ ਕਰਤਾਰ ਹਸਪਤਾਲ 'ਚ ਨਸ਼ਾ ਛੱਡਣ ਦੇ ਇਲਾਜ ਦੀ ਦਵਾਈ ਲੈਣ ਗਏ ਸਨ। ਉਨ੍ਹਾਂ ਨੂੰ ਉਕਤ ਦਵਾਈ ਦਾ ਇਕ ਪੱਤਾ 380 ਰੁਪਏ 'ਚ ਦਿੱਤਾ ਗਿਆ। ਕੀਮਤ ਘੱਟ ਹੋਣ ਦੇ ਬਾਰੇ ਪੁੱਛਣ 'ਤੇ ਸੈਂਟਰ ਦੇ ਸਟਾਫ ਨੇ ਟਾਲ-ਮਟੋਲ ਕੀਤੀ ਤੇ ਬਿੱਲ ਦੇਣ ਤੋਂ ਵੀ ਕੰਨੀ ਕਤਰਾਈ। ਜਦੋਂ ਕਿ ਸੈਂਟਰ ਦੀ ਡਾ. ਰਾਧਿਕਾ ਸੇਠ ਤੇ ਹਸਪਤਾਲ ਦੇ ਮੈਨੇਜਰ ਰਾਹੁਲ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਹੁਕਮਾਂ ਮੁਤਾਬਕ ਤੈਅ ਕੀਮਤ 'ਤੇ ਮਰੀਜ਼ਾਂ ਨੂੰ ਬਿੱਲ ਸਮੇਤ ਦਵਾਈਆਂ ਦੇ ਰਹੇ ਹਨ।

ਦੂਜੇ ਪਾਸੇ ਨਿੱਜੀ ਛੁਡਾਊ ਕੇਂਦਰ ਦੇ ਡਾਕਟਰਾਂ 'ਚ ਰੋਸ ਹੈ ਪਰ ਵਿਰੋਧ ਲਈ ਅੱਗੇ ਨਹੀਂ ਆ ਰਹੇ। ਉਹ ਕਹਿੰਦੇ ਹਨ ਕਿ ਮਹਿੰਗੀ ਦਵਾ ਖ਼ਰੀਦ ਕੇ ਮਜਬੂਰਨ ਸਸਤੀ ਵੇਚ ਰਹੇ ਹਨ। ਵਿਭਾਗ ਨੂੰ ਐਡਵਾਂਸ ਨੋਟਿਸ ਦੇਣਾ ਚਾਹੀਦਾ ਸੀ ਤਾਂ ਕਿ ਦਵਾ ਦਾ ਸਟਾਕ ਖ਼ਤਮ ਕੀਤਾ ਜਾ ਸਕਦਾ ਤੇ ਦਵਾ ਕੰਪਨੀ ਨੂੰ ਵਾਪਸ ਕੀਤੀ ਜਾ ਸਕਦੀ। ਸਰਕਾਰੀ ਖ਼ਰੀਦ ਸਬੰਧੀ ਨੀਤੀਆਂ ਵੀ ਹਾਲੇ ਸਪੱਸ਼ਟ ਨਹੀਂ ਹਨ।

ਬਾਕਸ

ਜਾਂਚ 'ਚ ਮਿਲੀਆਂ ਖਾਮੀਆਂ

ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਦੀ ਅਗਵਾਈ 'ਚ ਟੀਮ ਨੇ ਤਿੰਨ ਨਸ਼ਾ ਛੁਡਾਊ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਸੈਂਟਰਾਂ 'ਚ ਸਰਕਾਰੀ ਹੁਕਮਾਂ ਮੁਤਾਬਕ ਦਵਾਈਆਂ ਦੀ ਕੀਮਤ ਡਿਸਪਲੇ ਨਹੀਂ ਕੀਤੀ ਗਈ ਸੀ। ਦਵਾਈਆਂ ਦਾ ਸੇਲ-ਪਰਚੇਜ ਰਿਕਾਰਡ ਦੀ ਵੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਮਨਮਰਜ਼ੀ ਦੀ ਕੀਮਤ ਵਸੂਲਣ ਵਾਲੇ ਸੈਂਟਰਾਂ ਖ਼ਿਲਾਫ਼ ਸ਼ਿਕਾਇਤ ਵਿਭਾਗ ਦੇ ਟੋਲ ਫ੍ਰੀ ਨੰਬਰ 104 'ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਉਕਤ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ। ਜ਼ਿਲ੍ਹੇ 'ਚ 13 ਨਿੱਜੀ ਤੇ 3 ਸਰਕਾਰੀ ਨਸ਼ਾ ਛੁਡਾਊ ਕੇਂਦਰ ਚਲ ਰਹੇ ਹਨ।

ਬਾਕਸ

ਹੁਕਮ ਨਾ ਲਾਗੂ ਕਰਨ ਵਾਲੇ ਸੈਂਟਰਾਂ 'ਤੇ ਡਿੱਗੇਗੀ ਗਾਜ

ਸਟੇਟ ਮੈਂਟਲ ਹੈਲਥ ਪ੍ਰਰੋਗਰਾਮ ਅਫਸਰ ਡਾ. ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਸੂਬੇ 'ਚ 35 ਸਰਕਾਰੀ ਤੇ 105 ਨਿੱਜੀ ਛੁਡਾਊ ਕੇਂਦਰ ਚੱਲ ਰਹੇ ਹਨ। ਨੀਤੀਆਂ ਦੀ ਪਾਲਣਾ ਨਾ ਕਰਨ ਵਾਲੇ ਸੈਂਟਰਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਵਿਭਾਗ ਵੱਲੋਂ ਨਿੱਜੀ ਸੈਂਟਰਾਂ ਨੂੰ ਸਸਤੀ ਦਵਾ ਦੀ ਸਪਲਾਈ ਕੀਤੀ ਜਾਵੇਗੀ। ਸੈਂਟਰ ਜ਼ਿਲ੍ਹਾ ਪੱਧਰ 'ਤੇ ਡਿਮਾਂਡ ਸਿਵਲ ਸਰਜਨ ਨੂੰ ਦੇਣਗੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਇਸ ਦੀ ਸਪਲਾਈ ਕੀਤੀ ਜਾਵੇਗੀ।