ਨਾਮਜ਼ਦਗੀਆ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਨਾਮਜ਼ਦਗੀ ਪੱਤਰ
ਨਾਮਜ਼ਦਗੀਆ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਨਾਮਜ਼ਦਗੀ ਪੱਤਰ
Publish Date: Mon, 01 Dec 2025 08:50 PM (IST)
Updated Date: Mon, 01 Dec 2025 08:50 PM (IST)

-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆ ਲਈ 4 ਦਸੰਬਰ ਤਕ ਭਰੇ ਜਾਣੇ ਹਨ ਨਾਮਜ਼ਦਗੀ ਪੱਤਰ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆ ਚੋਣਾਂ ਲਈ ਨਾਮਜ਼ਦਗੀਆਂ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਨਹੀਂ ਭਰੇ ਗਏ। ਹੁਣ ਨਾਮਜ਼ਦਗੀਆਂ ਦਾਖਲ ਕਰਵਾਉਣ ਲਈ ਸਿਰਫ 3 ਤਿੰਨ ਦਿਨ ਹੀ ਬਚੇ ਹਨ ਕਿਉਂਕਿ 4 ਦਸੰਬਰ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਤੇ 11 ਪੰਚਾਇਤਾਂ ਸੰਮਤੀਆ ਦੇ 188 ਜ਼ੋਨਾਂ ਲਈ ਵੋਟਾਂ ਪੈਣੀਆਂ ਹਨ। ਓਧਰ ਜ਼ਿਲ੍ਹਾ ਚੋਣ ਅਫਸਰ ਵੱਲੋਂ ਚੋਣ ਜ਼ਾਬਤੇ ਨੂੰ ਦੇਖਦਿਆਂ ਕਿਸੇ ਵੀ ਵਿਅਕਤੀ ਵੱਲੋਂ ਅਸਲਾ ਲੈ ਕੇ ਚੱਲਣ ’ਤੇ ਪਾਬੰਦੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 4 ਦਸੰਬਰ ਤੈਅ ਕੀਤੀ ਗਈ ਹੈ। ਨਾਮਜ਼ਦਗੀਆ ਲੈਣ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਨਿਰਧਾਰਤ ਕੀਤਾ ਗਿਆ। ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 5 ਨੂੰ ਹੋਵੇਗੀ ਜਦੋਂਕਿ 6 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲਈਆ ਜਾਣਗੀਆਂ। 14 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ, ਜਿਨ੍ਹਾਂ ਲਈ ਜ਼ਿਲ੍ਹੇ ’ਚ 1209 ਬੂਥ ਬਣਾਏ ਗਏ ਹਨ ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ 21 ਜ਼ੋਨ ਹਨ ਜਦਕਿ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15, ਪੰਚਾਇਤ ਸੰਮਤੀ ਆਦਮਪੁਰ ਦੇ 25, ਪੰਚਾਇਤ ਸੰਮਤੀ ਭੋਗਪੁਰ ਦੇ 15, ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19, ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15, ਪੰਚਾਇਤ ਸੰਮਤੀ ਮਹਿਤਪੁਰ ਦੇ 15, ਪੰਚਾਇਤ ਸੰਮਤੀ ਨੂਰਮਹਿਲ ਦੇ 15, ਪੰਚਾਇਤ ਸੰਮਤੀ ਫਿਲੌਰ ਦੇ 20, ਪੰਚਾਇਤ ਸੰਮਤੀ ਸ਼ਾਹਕੋਟ ਦੇ 15, ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਅਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨ ਹਨ। ਡਾ. ਅਗਰਵਾਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਈ 2,55,000 ਰੁਪਏ ਅਤੇ ਪੰਚਾਇਤ ਸੰਮਤੀ ਦੇ ਉਮੀਦਵਾਰ ਲਈ 1,10,000 ਰੁਪਏ ਚੋਣ ਖਰਚੇ ਦੀ ਹੱਦ ਨੋਟੀਫਾਈ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦਾ ਇਹ ਪ੍ਰੋਗਰਾਮ ਐਲਾਨਣ ਨਾਲ ਸਾਰੀਆਂ ਗ੍ਰਾਮ ਪੰਚਾਇਤਾਂ, ਜੋ ਕਿ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧੀਨ ਆਉਂਦੀਆਂ ਹਨ, ਦੇ ਰੈਵੀਨਿਊ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜੋ ਕਿ ਚੋਣ ਪ੍ਰਕਿਰਿਆ ਖ਼ਤਮ ਹੋਣ ਤੱਕ ਲਾਗੂ ਰਹੇਗਾ। --- ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ’ਚ ਔਰਤਾਂ ਦੀ ਹਿੱਸੇਦਾਰੀ 50 ਫੀਸਦੀ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆ ਹਨ। ਇਸ ਤੋਂ ਇਲਾਵਾ ਐੱਸਸੀ ਵਰਗ ਦੇ ਪੁਰਸ਼ ਤੇ ਮਹਿਲਾ ਉਮੀਦਵਾਰਾਂ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਰਾਖਵਾਂਕਰਨ ਦੀ ਸੂਚੀ ਮੁਤਾਬਕ ਜ਼ੋਨ-1 ਚੋਲਾਂਗ ਜਨਰਲ, ਜ਼ੋਨ-2 ਬਹਿਰਾਮ ਸਰਿਸਤਾ ਐੱਸਸੀ, ਜ਼ੋਨ-3 ਜੰਡੂਸਿੰਘਾ ਐੱਸਸੀ, ਜ਼ੋਨ-4 ਨੌਗੱਜਾ ਜਨਰਲ, ਜ਼ੋਨ-5 ਵਰਿਆਣਾ ਜਨਰਲ, ਜ਼ੋਨ-6 ਧਾਲੀਵਾਲ ਇਸਤਰੀ, ਜ਼ੋਨ-7 ਪਤਾਰਾ ਜਨਰਲ, ਜ਼ੋਨ-8 ਜਮਸ਼ੇਰ ਐੱਸਸੀ, ਜ਼ੋਨ-9 ਸ਼ੰਕਰ ਐੱਸਸੀ, ਜ਼ੋਨ-10 ਗਿੱਦੜਪਿੰਡੀ ਜਨਰਲ, ਜ਼ੋਨ-11 ਢੰਡੋਵਾਲ ਐੱਸਸੀ ਇਸਤਰੀ, ਜ਼ੋਨ-12 ਆਦਰਾਮਾਨ ਐੱਸਸੀ ਇਸਤਰੀ, ਜ਼ੋਨ-13 ਤਲਵਣ ਐੱਸਸੀ ਇਸਤਰੀ, ਜ਼ੋਨ-14 ਬੁੰਡਾਲਾ ਇਸਤਰੀ, ਜ਼ੋਨ-15 ਕੰਦੋਲਾ ਕਲਾਂ ਇਸਤਰੀ, ਜ਼ੋਨ-16 ਗੰਨਾ ਪਿੰਡ ਐੱਸਸੀ ਇਸਤਰੀ, ਜ਼ੋਨ-17 ਅੱਪਰਾ ਐੱਸਸੀ, ਜ਼ੋਨ-18 ਦੁਸਾਂਝ ਕਲਾਂ ਐੱਸਸੀ ਇਸਤਰੀ, ਜ਼ੋਨ-19 ਬਾਜਵਾ ਕਲਾਂ ਇਸਤਰੀ, ਜ਼ੋਨ-20 ਜੰਡਿਆਲਾ ਇਸਤਰੀ, ਜ਼ੋਨ-21 ਉੱਗੀ ਜਨਰਲ ਬਣਾਏ ਗਏ ਹਨ। --- 18 ਦਸੰਬਰ ਤੱਕ ਅਸਲਾ ਲੈ ਕੇ ਚੱਲਣ ’ਤੇ ਪਾਬੰਦੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਜ਼ਿਲ੍ਹੇ ’ਚ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸਾਰੇ ਅਸਲਾ ਲਾਇਸੈਂਸੀਆਂ ਨੂੰ ਕਿਸੇ ਵੀ ਕਿਸਮ ਦਾ ਲਾਇਸੈਂਸੀ ਅਸਲਾ, ਹਥਿਆਰ, ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ 18 ਦਸਬੰਰ ਤੱਕ ਨਾਲ ਲੈ ਕੇ ਚੱਲਣ ְ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਇਹ ਹੁਕਮ ਅਸਲਾ ਐਕਟ 1959 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੀਤਾ। ਜਾਰੀ ਕੀਤੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਸਪੋਰਟਸ ਪਰਸਨ (ਉਹ ਸ਼ੂਟਰ, ਜੋ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਇਵੈਂਟ ਵਿੱਚ ਭਾਗ ਲੈ ਰਹੇ ਹੋਣ) ਅਤੇ ਉਹ ਵਿਅਕਤੀ, ਜਿਨ੍ਹਾਂ ਨੂੰ ਸਮਰੱਥ ਅਧਿਕਾਰੀ ਵਲੋਂ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਹਥਿਆਰ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਨੂੰ ਹਥਿਆਰ ਨਾਲ ਲੈ ਕੇ ਚੱਲਣ ਦੀ ਛੋਟ ਦਿੱਤੀ ਜਾਂਦੀ ਹੈ।