ਜਤਿੰਦਰ ਪੰਮੀ, ਜਲੰਧਰ : ਕੋਰੋਨਾ ਵਾਇਰਸ ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਜ਼ਿਲ੍ਹੇ ਦੇ ਲੋਕਾਂ ਲਈ ਆਫਤ ਬਣ ਗਿਆ। ਅੱਜ 9 ਮਰੀਜ਼ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ, ਜਿਸ ਨਾਲ ਇਕ ਵਾਰ ਫਿਰ ਸ਼ਹਿਰ 'ਚ ਸਾਰੇ ਪਾਸੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਵੀਰਵਾਰ ਨੂੰ 128 ਮਰੀਜ਼ਾਂ ਦੇ ਸੈਂਪਲਾਂ ਦੇ ਨਤੀਜੇ ਆਏ, ਜਿਨ੍ਹਾਂ ਵਿਚ 9 ਦੇ ਪਾਜ਼ੇਟਿਵ ਪਾਏ ਗਏ ਜਦੋਂਕਿ 119 ਵਿਅਕਤੀਆਂ ਦੇ ਨਮੂਨੇ ਨੈਗੇਟਿਵ ਪਾਏ ਗਏ। ਪਾਜ਼ੇਟਿਵ ਆਏ ਮਰੀਜ਼ਾਂ ਵਿਚੋਂ 5 ਸ਼ਹਿਰ ਦੇ ਉਸੇ ਸੰਸਥਾਨ ਦੇ ਹਨ, ਜਿਸ ਵਿਚੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਸੂਬਾ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਨੇ ਸਵੇਰੇ ਜਲੰਧਰ ਵਿਚੋਂ 9 ਮਰੀਜ਼ਾਂ ਦੇ ਪਾਜ਼ੇਟਿਵ ਹੋਣ ਦਾ ਟਵੀਟ ਕੀਤਾ ਸੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ 9 ਮਰੀਜ਼ਾਂ ਦੇ ਪਾਜ਼ੇਟਿਵ ਹੋਣ ਦਾ ਜ਼ਿਕਰ ਕੀਤਾ ਸੀ ਪਰ ਸਿਵਲ ਸਰਜਨ ਦਫਤਰ ਨੇ ਆਪਣੀ ਰਿਪੋਰਟ ਵਿਚ ਵੀਰਵਾਰ ਸ਼ਾਮ ਨੂੰ ਸੱਤ ਮਰੀਜ਼ਾਂ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਕੀਤੀ ਸੀ ਪਰ ਦੇਰ ਰਾਤ ਨੂੰ ਦੋ ਹੋਰ ਮਰੀਜ਼ਾਂ ਬਾਰੇ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਦੋਵਾਂ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।

ਓਧਰ ਅੱਜ ਨਿਜ਼ਾਮਤ ਨਗਰ ਵਾਸੀ ਬਜ਼ੁਰਗ ਔਰਤ ਦੇ ਪੁੱਤਰ ਰਵੀ ਛਾਬੜਾ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਅੱਜ ਪਾਜ਼ੇਟਿਵ ਆਏ ਇਨ੍ਹਾਂ ਸੱਤ ਮਰੀਜ਼ਾਂ ਵਿਚੋਂ ਮਕਸੂਦਾਂ ਦੇ ਨਿਊ ਜਵਾਲਾ ਨਗਰ ਦੀ ਗਲੀ ਨੰਬਰ ਦੀ 63 ਸਾਲਾ ਔਰਤ, ਬਸਤੀ ਸ਼ੇਖ ਦੇ ਨਿਊ ਦਸਮੇਸ਼ ਨਗਰ ਦੇ ਪਾਜ਼ੇਟਿਵ ਮਰੀਜ਼ ਦੀ 39 ਸਾਲਾ ਪਤਨੀ, ਪੱਕਾ ਬਾਗ ਤੋਂ 30 ਸਾਲਾ ਤੇ 31 ਸਾਲਾ ਦੋ ਨੌਜਵਾਨ ਤੇ ਇਸ ਮੁਹੱਲੇ ਦੇ ਪਹਿਲਾਂ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ ਵਿਚ ਆਉਣ ਕਾਰਨ ਉਸ ਦਾ 70 ਸਾਲਾ ਮਕਾਨ ਮਾਲਕ, ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ 'ਚੋਂ ਪਾਜ਼ੇਟਿਵ ਪਾਏ ਗਏ ਮਰੀਜ਼ ਦੀ 55 ਸਾਲਾ ਪਤਨੀ ਅਤੇ ਉਨ੍ਹਾਂ ਦੇ ਘਰ ਕਿਰਾਏ 'ਤੇ ਰਹਿਣ ਵਾਲੀ 46 ਸਾਲਾ ਔਰਤ ਸ਼ਾਮਲ ਹਨ। ਰਸੀਲਾ ਨਗਰ 'ਚੋਂ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ ਸ੍ਰੀ ਗੁਰੂ ਰਵਿਦਾਸ ਨਗਰ ਦੇ ਪਾਜ਼ੇਟਿਵ ਆਏ ਜੀਤ ਲਾਲ ਦੇ ਸੰਪਰਕ ਵਿਚੋਂ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚੋਂ ਨਿਊ ਜਵਾਲਾ ਨਗਰ ਵਾਸੀ ਔਰਤ ਦੀ ਰਿਪੋਰਟ ਬੀਤੀ ਦੇਰ ਰਾਤ ਆਈ ਸੀ, ਜਿਸ ਦਾ ਖੁਲਾਸਾ ਸਵੇਰੇ ਹੋਇਆ ਸੀ ਜਦੋਂਕਿ ਬਾਕੀ ਛੇ ਮਰੀਜ਼ਾਂ ਦੀ ਰਿਪੋਰਟ ਵੀਰਵਾਰ ਬਾਅਦ ਦੁਪਹਿਰ ਆਈ ਹੈ। ਨਿਊ ਜਵਾਲਾ ਨਗਰ ਵਿਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਨੇ ਸਵੇਰੇ ਹੀ ਦਸਤਕ ਦੇ ਦਿੱਤੀ ਅਤੇ ਐੱਸਡੀਐੱਮ-2 ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਮਰੀਜ਼ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਇਥੇ ਦੱਸਣਯੋਗ ਹੈ ਕਿ ਨਿਊ ਜਵਾਲਾ ਨਗਰ ਵਾਸੀ ਔਰਤ ਦਾ ਪੁੱਤਰ ਸੀਐੱਚਸੀ ਕਾਲਾ ਬੱਕਰਾ ਵਿਚ ਬੀਈ ਵਜੋਂ ਤਾਇਨਾਤ ਹੈ। ਉਕਤ ਔਰਤ ਨੇ ਦੋ ਹਫਤੇ ਪਹਿਲਾਂ ਸੀਐੱਚਸੀ ਕਾਲਾ ਬੱਕਰਾ 'ਚ ਜਾ ਕੇ ਡਾਕਟਰ ਕੋਲੋਂ ਦੰਦ ਕਢਵਾਇਆ ਸੀ। ਵੀਰਵਾਰ ਨੂੰ ਉਸ ਦੇ ਪੁੱਤਰ ਸਮੇਤ 11 ਵਿਅਕਤੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਜੇਕਰ ਔਰਤ ਦਾ ਪੁੱਤਰ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਸੀਐੱਚਸੀ ਕਾਲਾ ਬੱਕਰਾ ਦੇ ਬਾਕੀ ਸਟਾਫ ਦੇ ਵੀ ਟੈਸਟ ਕਰਵਾਏ ਜਾਣਗੇ। ਬਾਅਦ ਦੁਪਹਿਰ ਪਾਜ਼ੇਟਿਵ ਆਏ ਮਰੀਜ਼ਾਂ ਵਿਚੋਂ ਬਹੁਤਿਆਂ ਦੇ ਇਲਾਕੇ ਪਹਿਲਾਂ ਹੀ ਸੀਲ ਕੀਤੇ ਹੋਏ ਹਨ ਪਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ ਆਈ ਰਿਪੋਰਟ ਵਿਚ ਸੱਤ ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ।

140 ਨਮੂਨੇ ਭੇਜੇ, 128 ਦਾ ਨਤੀਜਾ ਆਇਆ

ਸਿਵਲ ਹਸਪਤਾਲ ਵਿਚੋਂ ਅੱਜ 140 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜੇ ਗਏ ਹਨ, ਜਿਸ ਨਾਲ ਕੁੱਲ ਨਮੂਨਿਆਂ ਦੀ ਗਿਣਤੀ 1630 ਹੋ ਗਈ ਹੈ। ਓਧਰ ਅੱਜ 128 ਮਰੀਜ਼ਾਂ ਦੇ ਨਮੂਨਿਆਂ ਦੀ ਰਿਪੋਰਟ ਲੈਬਾਰਟਰੀ ਤੋਂ ਆਈ ਹੈ, ਜਿਨ੍ਹਾਂ ਵਿਚੋਂ 121 ਨੈਗੇਟਿਵ ਪਾਏ ਗਏ ਹਨ, ਜਿਸ ਨਾਲ ਨੈਗੇਟਿਵ ਨਮੂਨਿਆਂ ਦੀ ਗਿਣਤੀ 1168 'ਤੇ ਪੁੱਜ ਗਈ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ 248 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ ਜਦੋਂਕਿ ਸਿਵਲ ਹਸਪਤਾਲ ਵਿਚ ਇਸ ਵੇਲੇ 52 ਵਿਅਕਤੀ ਜ਼ੇਰੇ ਇਲਾਜ ਹਨ ਜਦੋਂਕਿ ਹੁਣ ਤਕ 7 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਭੇਜੇ ਗਏ ਸੈਂਪਲਾਂ ਵਿਚ ਵਿਧਾਇਕ ਰਾਜਿੰਦਰ ਬੇਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਮੂਨੇ ਵੀ ਸ਼ਾਮਲ ਹਨ।

ਨਿਜ਼ਾਤਮ ਨਗਰ ਦੇ ਰਵੀ ਛਾਬੜਾ ਨੂੰ ਮਿਲੀ ਛੁੱਟੀ

ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਾਲੀ ਨਿਜ਼ਾਤਮ ਨਗਰ ਦੀ ਬਜ਼ੁਰਗ ਔਰਤ ਸਵਰਨਾ ਛਾਬੜਾ ਦੇ ਪੁੱਤਰ ਰਵੀ ਛਾਬੜਾ ਨੂੰ ਵੀ ਅੱਜ ਸਿਵਲ ਹਸਪਤਾਲ ਤੋਂ ਰਿਪੋਰਟ ਨੈਗੇਟਿਵ ਆਉਣ ਉਪਰੰਤ ਛੁੱਟੀ ਦੇ ਦਿੱਤੀ ਗਈ। ਰਵੀ ਛਾਬੜਾ ਛੇਵੇਂ ਮਰੀਜ਼ ਹਨ ਜਿਨ੍ਹਾਂ ਨੂੰ ਉਸ ਦੇ ਕੋਵਿਡ-19 ਖਿਲਾਫ਼ ਸਫ਼ਲ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਉਸ ਤੋਂ ਪਹਿਲਾਂ ਪਿੰਡ ਵਿਰਕ ਦੇ ਤਿੰਨ ਵਿਅਕਤੀਆਂ ਹਰਜਿੰਦਰ ਸਿੰਘ, ਬਲਵਿੰਦਰ ਕੌਰ ਅਤੇ ਹਰਦੀਪ ਸਿੰਘ ਜੋ ਕਿ ਬਲਦੇਵ ਸਿੰਘ ਜਿਸ ਦੀ ਕਿ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ, ਦੇ ਸੰਪਰਕ ਵਿੱਚ ਆਏ ਨੂੰ 8 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਸੇ ਪਰਿਵਾਰ ਦੇ ਚੌਥੇ ਮੈਂਬਰ ਨੂੰ 12 ਅਪ੍ਰੈਲ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਸੇ ਤਰ੍ਹਾਂ ਪਦਮਸ੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਨੂੰ ਵੀ ਇਲਾਜ ਉਪਰੰਤ ਛੁੱਟੀ ਦਿੱਤੀ ਗਈ ਸੀ। ਰਵੀ ਛਾਬੜਾ ਵਲੋਂ ਸਿਵਲ ਹਸਪਤਾਲ ਵਲੋਂ ਕੀਤੇ ਗਏ ਇਲਾਜ ਦੇ ਸੰਪੂਰਨ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਡਾਕਟਰੀ ਟੀਮ ਅਤੇ ਖਾਸ ਕਰਕੇ ਡਾ.ਕਸ਼ਮੀਰੀ ਲਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਛਾਬੜਾ ਨੇ ਲੋਕਾਂ ਨੂੰ ਕਿਹਾ ਕਿ ਉਨਾਂ ਨੂੰ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਪਰ ਇਸ ਤੋਂ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਸਾਵਧਾਨੀਆਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਮੇਂ ਸਿਰ ਇਲਾਜ ਨਾਲ ਕੋਰੋਨਾ ਵਾਇਰਸ ਖਿਲਾਫ਼ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪਛਾਣ ਲਈ ਖੁਦ ਅੱਗੇ ਆ ਕੇ ਕੋਰੋਨਾ ਵਾਇਰਸ ਖਿਲਾਫ਼ ਲੜਾਈ ਲੜਨ ਲਈ ਇਲਾਜ ਦਾ ਲਾਭ ਉਠਾਉਣਾ ਚਾਹੀਦਾ ਹੈ।