ਜਤਿੰਦਰ ਪੰਮੀ, ਜਲੰਧਰ : ਜਲੰਧਰ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਸ਼ਾਮ ਨੂੰ ਸ਼ਹਿਰ ਵਿੱਚ ਕੋਰੋਨਾ ਦੇ 9 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ।

ਅੱਜ 9 ਮਰੀਜ਼ ਹੋਰ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਦੇ ਕੁੱਲ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 78 ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਵਿਚ 7 ਦੇ ਕਰੀਬ ਸੰਸਥਾਨ ਨਾਲ ਸਬੰਧਿਤ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹਨ ਜਦੋਂਕਿ ਬਾਕੀ ਦੋ ਮਰੀਜ਼ ਇਕ ਕਰਿਆਨਾ ਸਟੋਰ ਦੇ ਪਾਜ਼ੇਟਿਵ ਮਾਲਕ ਦੇ ਸੰਪਰਕ ਵਿਚੋਂ ਹਨ। ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਬਾਰੇ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਵਿਚ ਸਲੇਮਪੁਰ ਮੁਸਲਮਾਨਾ ਵਾਸੀ 78 ਸਾਲਾ ਪੁਰਸ਼, ਸੰਤ ਨਗਰ ਬਸਤੀ ਸ਼ੇਖ ਵਾਸੀ 78 ਸਾਲਾ ਪੁਰਸ਼, ਅੱਡਾ ਬਸਤੀ ਸ਼ੇਖ ਵਾਸੀ 22 ਸਾਲਾ ਔਰਤ, ਨਿਊ ਰਾਜ ਨਗਰ ਦੇ ਪਹਿਲਾਂ ਪਾਜ਼ੇਟਿਵ ਪਾਏ ਗਏ ਮਰੀਜ਼ ਦੀ 65 ਸਾਲਾ ਮਾਂ, 22 ਸਾਲਾ ਸਾਲੀ ਅਤੇ 7 ਸਾਲਾ ਧੀ, ਰਾਜਾ ਗਾਰਡਨ ਵਾਸੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚੋਂ 52 ਸਾਲਾ ਪੁਰਸ਼ ਤੇ 11 ਸਾਲਾ ਬੱਚਾ ਅਤੇ ਕਰੋਲ ਬਾਗ ਲੱਧੇਵਾਲੀ ਰੋਡ 54 ਸਾਲਾ ਪੁਰਸ਼ ਸ਼ਾਮਲ ਹਨ। ਸਲੇਮਪੁਰ ਮੁਸਲਮਾਨਾ ਵਾਲਾ ਪਾਜ਼ੇਟਿਵ ਮਰੀਜ਼ ਉਸੇ ਸੰਸਥਾਨ ਦਾ ਹੈ, ਜਿਸ ਦੇ ਮੁਲਾਜ਼ਮ ਵੱਡੀ ਗਿਣਤੀ 'ਚ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਜਦੋਂਕਿ ਰਾਜਾ ਗਾਰਡਨ ਦੇ ਦੋਵੇਂ ਮਰੀਜ਼ ਵੀ ਇਸ ਸੰਸਥਾਨ ਦੇ ਸਭ ਤੋਂ ਪਹਿਲਾਂ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ ਵਿਚੋਂ ਹਨ। ਇਸੇ ਤਰ੍ਹਾਂ ਰਾਜ ਨਗਰ ਦਾ ਤਿੰਨੇ ਮਰੀਜ਼ ਵੀ ਉਕਤ ਸੰਸਥਾਨ ਦੇ ਪਾਜ਼ੇਟਿਵ ਪਾਏ ਗਏ ਮਰੀਜ਼ ਦੇ ਰਿਸ਼ਤੇਦਾਰ ਹਨ। ਅੱਡਾ ਬਸਤੀ ਸ਼ੇਖ ਵਾਲੀ ਅੌਰਤ ਬਸਤੀ ਸ਼ੇਖ ਦੇ ਮੱਖਣ ਕਰਿਆਨਾ ਸਟੋਰ ਵਾਲਿਆਂ ਦੇ ਘਰ ਕੰਮ ਕਰਨ ਵਾਲੀ ਅੌਰਤ ਦੀ ਨੂੰਹ ਹੈ ਅਤੇ ਬਸਤੀ ਸ਼ੇਖ ਦੇ ਤਿਲਕ ਨਗਰ ਵਾਸੀ ਦੇ ਸੰਪਰਕ ਬਾਰੇ ਹਾਲੇ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੋ ਸਕਿਆ ਪਰ ਉਹ ਵੀ ਮੱਖਣ ਕਰਿਆਨਾ ਸਟੋਰ ਦੇ ਸੰਪਰਕ ਵਿਚੋਂ ਹੋ ਸਕਦਾ ਹੈ। ਕਰੋਲ ਬਾਗ ਵਾਲੇ ਮਰੀਜ਼ ਬਾਰੇ ਇਲਾਕੇ 'ਚੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਉਹ ਵੀ ਸੰਸਥਾਨ ਨਾਲ ਸਬੰਧਤ ਹੈ। ਇਲਾਕੇ ਵਿਚ ਵੀ ਚਰਚਾ ਹੈ ਕਿ ਉਹ ਸੰਸਥਾਨ ਵਿਚ ਸਰਕਾਰੀ ਗੰਨਮੈਨ ਵਜੋਂ ਤਾਇਨਾਤ ਹੈ। ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਆਈਸੋਲੇਟ ਕਰਨ ਲਈ ਲੈ ਆਉਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟਾਈਨ ਕਰਨ ਦੇ ਨਾਲ ਹੀ ਉਨ੍ਹਾਂ ਦੇ ਸੈਂਪਲ ਲੈ ਲਏ ਹਨ।

ਇਸ ਦੇ ਨਾਲ ਹੀ ਸਬੰਧਿਤ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਸਿਹਤ ਵਿਭਾਗ ਨੇ ਸ਼ਨਿਚਰਵਾਰ ਨੂੰ ਬਸਤੀ ਗੁਜ਼ਾਂ ਦੇ ਨਿਊ ਗੋਬਿੰਦ ਨਗਰ ਵਾਸੀ ਜਿਸ ਵਿਅਕਤੀ ਦੀ ਮੌਤ ਜੌਹਲ ਹਸਪਤਾਲ 'ਚ ਹੋਈ ਸੀ, ਦੀ ਰਿਪੋਰਟ ਮੁੜ ਜਾਂਚ ਲਈ ਭੇਜੀ ਗਈ ਸੀ, ਵੀ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਉੱਥੇ ਸਿਵਲ ਹਸਪਤਾਲ 'ਚ ਪੁਰਾਣੀ ਸਬਜ਼ੀ ਮੰਡੀ, ਭੈਰੋਂ ਬਾਜ਼ਾਰ, ਮਿੱਠਾ ਬਾਜ਼ਾਰ ਤੋਂ ਇਲਾਵਾ ਬਸਤੀ ਇਲਾਕੇ ਦੇ ਕੋਰੋਨਾ ਪਾਜ਼ੇਟਿਵ ਦੇ ਇਲਾਜ ਅਧੀਨ 12 ਮਰੀਜ਼ਾਂ ਦੇ ਟੈਸਟ ਮੁੜ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ 9 ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਜ਼ਿਲ੍ਹੇ 'ਚ ਕੁੱਲ ਮਰੀਜ਼ 78 ਹੋ ਗਏ ਹਨ।

Posted By: Jagjit Singh