ਕੂੜਾ ਪ੍ਰਬੰਧਨ ਦੇ 143 ਕਰੋੜ ਦੇ ਪ੍ਰਾਜੈਕਟ ਦੇ ਖਿਲਾਫ ਨਿਗਮ ਯੂਨੀਅਨਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਿਆ

-ਅੱਜ ਵੀ ਜਾਰੀ ਰਹੇਗੀ ਹੜਤਾਲ : ਬੰਟੂ ਸੱਭਰਵਾਲ
ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਸਫਾਈ ਦਾ ਦਾਅਵਾ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ 143 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਖਿਲਾਫ ਸ਼ੁਰੂ ਕੀਤੀ ਗਈ ਹੜਤਾਲ ਮੰਗਲਵਾਰ ਦੂਜੇ ਦਿਨ ਵੀ ਜਾਰੀ ਰਹੀ ਅਤੇ ਹੜਤਾਲੀ ਕਰਮਚਾਰੀਆਂ ਨੇ ਸ੍ਰੀ ਰਾਮ ਚੌਕ ਵਿਖੇ ਮੁੱਖ ਮੰਤਰੀ ਦਾ ਪੁਤਲਾ ਵੀ ਸਾੜਿਆ। ਇਸ ਦੌਰਾਨ ਯੂਨੀਅਨ ਆਗੂਆ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਹੜਤਾਲ ਜਾਰੀ ਰਹੇਗੀ। ਜਦੋਂਕਿ ਦੂਜੇ ਪਾਸੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਕੂੜੇ ਦੀ ਸਫਾਈ ਕਰਨ ਦਾ ਦਾਅਵਾ ਕੀਤਾ ਹੈ ਤੇ ਕਿਹਾ ਹੈ ਕਿ ਸਾਡਾ ਹੜਤਾਲ ਨਾਲ ਕੋਈ ਸਬੰਧ ਨਹੀ ਹੈ। ਹੜਤਾਲੀ ਯੂਨੀਅਨ ਦੇ ਆਗੂ ਬੰਟੂ ਸੱਭਰਵਾਲ ਨੇ ਕਿਹਾ ਹੈ ਕਿ ਅਜੇ ਤਕ ਨਗਰ ਨਿਗਮ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ ਅਤੇ ਸਾਡੀ ਹੜਤਾਲ ਜਾਰੀ ਹੈ ਅਤੇ ਬੁੱਧਵਾਰ ਵੀ ਰਹੇਗੀ। ਮੰਗਲਵਾਰ ਨੂੰ ਹੜਤਾਲੀ ਕਰਮਚਾਰੀਆਂ ਨੇ ਜਿਥੇ ਟਿੱਪਰ ਤੇ ਜੇਸੀਬੀ ਮਸ਼ੀਨਾਂ ਲਗਾ ਕੇ ਨਗਰ ਨਿਗਮ ਦੇ ਸਾਰੇ ਰਸਤੇ ਬੰਦ ਕਰਕੇ ਅਧਿਕਾਰੀਆਂ ਨੂੰ ਨਿਗਮ ਦਫਤਰ ਦਾਖਲ ਨਹੀਂ ਹੋਣ ਦਿੱਤਾ, ਉਥੇ ਉਨ੍ਹਾਂ ਦੇ ਦਫਤਰਾਂ ਦੇ ਜਿੰਦਰੇ ਨਹੀਂ ਖੁੱਲ੍ਹਣ ਦਿੱਤੇ ਜਿਸ ਕਾਰਨ ਮੇਅਰ ਅਤੇ ਕਮਿਸ਼ਨਰ ਆਪਣੇ ਦਫਤਰਾਂ ’ਚ ਨਹੀਂ ਜਾ ਸਕੇ ਅਤੇ ਹੋਰ ਅਧਿਕਾਰੀ ਵੀ ਦਫਤਰ ਨਹੀਂ ਆ ਸਕੇ। ਹੜਤਾਲੀ ਕਰਮਚਾਰੀਆਂ ਨੇ ਉਸ ਤੋਂ ਪਹਿਲਾਂ ਸ੍ਰ਼਼ੀ ਰਾਮ ਚੌਕ ਵਿਖੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾ ਕੇ ਉਸ ਦਾ ਪੁਤਲਾ ਵੀ ਸਾੜਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਖਾਸ ਕਰਕੇ ਮੁੱਖ ਮੰਤਰੀ ਨੇ ਚੋਣਾਂ ਦੇ ਬਾਅਦ 1196 ਸਫਾਈ ਸੇਵਕਾਂ ਦੀ ਪੱਕੀ ਭਰਤੀ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਾਢੇ 3 ਸਾਲ ਦਾ ਸਮਾਂ ਨਿਕਲ ਗਿਆ ਹੈ ਪਰ ਸਰਕਾਰ ਨੇ ਸਾਡੀ ਕੋਈ ਮੰਗ ਨਹੀਂ ਮੰਨੀ ਸਗੋਂ ਹੋਰ ਇਕ ਕੰਮ ਕਰ ਦਿੱਤਾ ਜੋ ਕਿ ਕੂੜਾ ਪ੍ਰਬੰਧਨ ਦਾ 143 ਕਰੋੜ ਦਾ ਪ੍ਰੋਜੈਕਟ ਲਿਆਉਣ ਲਈ ਟੈਂਡਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਯੂਨੀਅਨ ਨੇ ਸਖ਼ਤ ਵਿਰੋਧ ਕੀਤਾ ਹੈ ਅਤੇ 1196 ਸਫਾਈ ਸੇਵਕਾਂ ਦੀ ਪੱਕੀ ਭਰਤੀ ਦੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਅਨੁਸਾਰ 143 ਕਰੋੜ ਦਾ ਕੂੜਾ ਪ੍ਰਬੰਧਨ ਦਾ ਠੇਕਾ ਦੇਣ ਦਾ ਮਤਲਬ ਨਿੱਜੀਕਰਨ ਨੂੰ ਵਧਾਵਾ ਦੇਣਾ ਹੈ ਜਿਸ ਦਾ ਯੂਨੀਅਨ ਵਿਰੋਧ ਕਰ ਰਹੀ ਹੈ ਅਤੇ ਇਹ ਹੜਤਾਲ ਉਸੇ ਦੇ ਖਿਲਾਫ ਕੀਤੀ ਗਈ ਹੈ।
---
ਕੂੜੇ ਦੀ ਢੁਆਈ ਨਹੀਂ ਹੋਈ, ਫੈਡਰੇਸ਼ਨ ਵੱਲੋਂ ਚੁੱਕਣ ਦਾ ਦਾਅਵਾ
ਨਗਰ ਨਿਗਮ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਵੀ ਕੂੜੇ ਦੀ ਢੁਆਈ ਨਹੀਂ ਹੋਈ ਜਿਸ ਕਾਰਨ ਡੰਪਾਂ ਤੇ ਕੂੜਾ ਪਿਆ ਰਿਹਾ ਅਤੇ ਸ਼ਹਿਰ ਦੇ ਡੰਪਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ। ਹਾਲਾਂਕਿ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਨਗਰ ਨਿਗਮ ਦੀਆਂ ਯੂਨੀਅਨਾਂ ਦੀ ਹੜਤਾਲ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਦੀ ਜਥੇਬੰਦੀ ਨੇ ਮੰਗਲਵਾਰ ਨੂੰ ਬਕਾਇਦਾ ਕੂੜੇ ਦੀ ਢੁਆਈ ਕੀਤੀ ਅਤੇ ਨਕੋਦਰ ਰੋਡ ਦੇ ਖਾਲਸਾ ਸਕੂਲ ਦੇ ਡੰਪ ਤੋਂ ਕੂੜੇ ਦੀ ਢੁਆਈ ਕਰਕੇ ਉਸ ਦੀ ਸਫਾਈ ਕੀਤੀ ਜਦੋਂਕਿ ਹੋਰ ਡੰਪਾਂ ਤੋ ਵੀ ਕੂੜੇ ਦੀ ਢੁਆਈ ਕੀਤੀ। ਫੈਡਰੇਸ਼ਨ ਨੇ ਵਿਕਾਸਪੁਰੀ, ਟਰਾਂਸਪੋਰਟ ਨਗਰ, ਫਿਸ਼ ਮਾਰਕੀਟ, ਟੀਵੀ ਸੈਂਟਰ, ਆਦਰਸ਼ ਨਗਰ, ਬੀਐੱਮਸੀ ਚੌਕ, ਮਾਈ ਹੀਰਾਂ ਗੇਟ, ਮਠਾਰੂ ਡੰਪ, ਬਰਲਟਨ ਪਾਰਕ, ਕੋਹਿਨੂਰ ਫੈਕਟਰੀ ਅਤੇ ਜੋਤੀ ਨਗਰ ਡੰਪ ਆਦਿ ਤੋਂ ਕੂੜਾ ਚੁੱਕਣ ਦਾ ਦਾਅਵਾ ਕੀਤਾ ਹੈ।
---
ਨਿੱਜੀ ਠੇਕੇਦਾਰਾਂ ਵੱਲੋਂ ਕੰਮ ਜਾਰੀ
ਨਗਰ ਨਿਗਮ ਦੇ ਕੂੜੇ ਦੀ ਢੁਆਈ ਕਰਨ ਵਾਲੇ ਠੇਕੇਦਾਰਾਂ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਆਪੋ-ਆਪਣੇ ਇਲਾਕਿਆਂ ਦੋਂ ਕੂੜੇ ਦੀ ਢੁਆਈ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਹੜਤਾਲ ਨਾਲ ਕੋਈ ਸਬੰਧ ਨਹੀ ਹੈ।