ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਪਾਣੀ ਦੇ ਡਿਫਾਲਟਰਾਂ ਅਤੇ ਤਹਿ ਬਾਜ਼ਾਰੀ ਦੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਮੌਕੇ 'ਤੇ ਜਾ ਕੇ ਉਨ੍ਹਾਂ ਨੂੰ ਪਾਣੀ ਦੇ ਬਿੱਲ ਅਤੇ ਤਹਿ ਬਾਜ਼ਾਰੀ ਦੀ ਜੁਰਮਾਨੇ ਦੀ ਰਕਮ ਜਮ੍ਹਾਂ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਦੌਰਾਨ ਅਰਬਨ ਅਸਟੇਟ 'ਚ ਇਕ ਡਿਫਾਲਟਰ ਦਾ ਪਾਣੀ ਦਾ ਕੁਨੈਕਸ਼ਨ ਵੀ ਕੱਟਿਆ ਗਿਆ।

ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਅੱਜ ਵਾਟਰ ਸਪਲਾਈ ਸੁਪਰਡੈਂਟ ਮੁਨੀਸ਼ ਦੁੱਗਲ ਅਤੇ ਤਹਿ ਬਾਜ਼ਾਰੀ ਦੀ ਟੀਮ ਨਾਲ ਮਾਡਲ ਟਾਊਨ ਦੇ ਮਸੰਦ ਚੌਕ, ਜੋਤੀ ਨਗਰ, ਜੌਹਲ ਮਾਰਕੀਟ ਅਰਬਨ ਅਸਟੇਟ ਆਦਿ ਇਲਾਕਿਆਂ 'ਚ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਅਤੇ ਅੱਧੀ ਦਰਜਨ ਡਿਫਾਲਟਰਾਂ ਨੂੰ ਪਾਣੀ ਦੇ ਬਿਲ ਜਮ੍ਹਾਂ ਕਰਾਉਣ ਸਬੰਧੀ ਨੋਟਿਸ ਵੀ ਮੌਕੇ 'ਤੇ ਹੀ ਜਾਰੀ ਕੀਤੇ। ਇਸ ਤੋਂ ਇਲਾਵਾ ਮਸੰਦ ਚੌਕ ਸਥਿਤ ਫੁੱਲਾਂ ਦੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਸੜਕਾਂ 'ਤੇ ਫੁੱਲ-ਬੂਟੇ ਰੱਖ ਕੇ ਕੀਤੇ ਗਏ ਕਬਜ਼ੇ ਨੂੰ ਖਾਲੀ ਕਰਵਾਇਆ ਅਤੇ ਉਨ੍ਹਾਂ ਨੂੰ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ। ਲੱਗਪਗ 8 ਨੋਟਿਸ ਮੌਕੇ 'ਤੇ ਹੀ ਜਾਰੀ ਕੀਤੇ ਗਏ ਅਤੇ ਦੁਕਾਨਦਾਰਾਂ ਨੂੰ ਦੋ ਦਿਨਾਂ ਵਿਚ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿਚ ਮੁੜ ਕਬਜ਼ੇ ਕੀਤੇ ਗਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।