ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕੋਵਿਡ-19 ਮਹਾਮਾਰੀ ਖਿਲਾਫ਼ ਜੰਗ ਵਿਚ ਆਪਣਾ ਯੋਗਦਾਨ ਪਾਉਂਦਿਆਂ ਐੱਨਜੀਓ ਹੈਮਕੋ ਚੈਰੀਟੇਬਲ ਟਰੱਸਟ ਨੇ ਅੱਜ ਜ਼ਿਲ੍ਹਾ ਰਾਹਤ ਫੰਡਜ਼ ਵਿਚ ਦੋ ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਰਾਸ਼ੀ ਦਾ ਚੈੱਕ ਸੌਂਪਦਿਆਂ ਐੱਨਜੀਓ ਦੇ ਚੇਅਰਮੈਨ ਸ਼ਾਂਤ ਕੁਮਾਰ ਗੁਪਤਾ ਨੇ ਵਿਸ਼ਵ ਸਿਹਤ ਸੰਕਟ ਦੌਰਾਨ ਵਾਇਰਸ ਦੀ ਰੋਕਥਾਮ ਤੇ ਕਈ ਕੀਮਤੀ ਜਾਨਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਂਝੇ ਯਤਨਾਂ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਨਾਲ ਹੀ ਮਹਾਮਾਰੀ 'ਤੇ ਜਿੱਤ ਪ੍ਰਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਹਰੇਕ ਨਾਗਰਿਕ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ। ਦਾਨੀ ਸੱਜਣਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਾ ਸਿਰਫ਼ ਪ੍ਰਸ਼ਾਸਨ ਲਈ ਮਦਦਗਾਰ ਸਾਬਤ ਹੁੰਦੀਆਂ ਹਨ ਸਗੋਂ ਦੂਜਿਆਂ ਵਿਚ ਵੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਇਸ ਲੜਾਈ ਵਿਚ ਐੱਨਜੀਓਜ਼ ਤੇ ਦਾਨੀ ਵਿਅਕਤੀਆਂ ਵੱਲੋਂ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿਰਫ਼ ਸਮੂਹਿਕ ਯਤਨ ਹੀ ਅਖੀਰ ਵਿਚ ਚੰਗੇ ਨਤੀਜੇ ਦੇ ਸਕਦੇ ਹਨ।