ਡੀਐੱਸਪੀ ਨੇ ਓਟ ਸੈਂਟਰ ਦੀ ਸਥਿਤੀ ਦਾ ਲਿਆ ਜਾਇਜਾ
‘ਪੰਜਾਬੀ ਜਾਗਰਣ’ ਦੀ ਖਬਰ ਦਾ ਅਸਰ, ਡੀਐੱਸਪੀ ਨੇ ਓਟ ਸੈਂਟਰ ਦੀ ਸਥਿਤੀ ਦਾ ਲਿਆ ਜਾਇਜਾ
Publish Date: Tue, 09 Dec 2025 08:50 PM (IST)
Updated Date: Tue, 09 Dec 2025 08:51 PM (IST)

‘ਪੰਜਾਬੀ ਜਾਗਰਣ’ ਦੀ ਖ਼ਬਰ ਦਾ ਅਸਰ ਦਾ ਲੋਗੋ -ਲੋਕਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਕੀਤੀ ਹਾਸਲ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਬਣੇ ਓਟ ਸੈਂਟਰ ਕਾਰਨ ਆਮ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਤੇ ਨਸ਼ੇ ਦੇ ਧੰਦੇ ਦਾ ਮੁੱਦਾ ‘ਪੰਜਾਬੀ ਜਾਗਰਣ’ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਇਸ ਖਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਖਤ ਰੁਖ ਅਖਤਿਆਰ ਕਰਦਿਆਂ ਹਸਪਤਾਲ ਅਤੇ ਸ਼ਹਿਰ ‘ਚ ਕਾਰਵਾਈ ਆਰੰਭ ਦਿੱਤੀ ਹੈ। ਸਰਕਾਰ ਵੱਲੋਂ ਨਸ਼ਾ ਪੀੜਤਾਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਖੋਲ੍ਹੇ ਓਟ ਸੈਂਟਰ ਵਿਚ 900 ਦੇ ਕਰੀਬ ਨਸ਼ੇ ਦੇ ਆਦੀ ਲੋਕ ਆਉਂਦੇ ਹਨ ਤੇ ਇਨ੍ਹਾਂ ਵੱਲੋਂ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਇਹ ਲੋਕ ਨਾ ਸਿਰਫ ਹਸਪਤਾਲ ‘ਚ ਆਉਣ ਵਾਲੇ ਮਰੀਜ਼ਾਂ, ਖਾਸਕਰ ਔਰਤਾਂ ਤੇ ਬਜ਼ੁਰਗਾਂ ਲਈ ਪਰੇਸ਼ਾਨ ਦਾ ਸਬੱਬ ਬਣ ਰਹੇ ਹਨ, ਸਗੋਂ ਹਸਪਤਾਲ ਦੇ ਬਾਹਰ ਸ਼ਰੇਆਮ ਨਸ਼ੇ ਦੀ ਵਿਕਰੀ ਅਤੇ ਖਰੀਦੋ-ਫਰੋਖਤ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ। ਇਸ ਮਾਹੌਲ ਕਾਰਨ ਆਮ ਸ਼ਹਿਰੀ ਹਸਪਤਾਲ ਜਾਣ ਤੋਂ ਗੁਰੇਜ਼ ਕਰਨ ਲੱਗੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਵੱਲੋਂ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਤੇ ਪੁਲਿਸ ਟੀਮ ਸਮੇਤ ਸੀਐੱਚਸੀ ਸ਼ਾਹਕੋਟ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੇ ਓਟ ਸੈਂਟਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਹਸਪਤਾਲ ਸਟਾਫ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅਤੇ ਮਰੀਜ਼ਾਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ ਹੈ। ਇਸ ਮੌਕੇ ਡਾ. ਧੀਰਜ ਕੁਮਾਰ, ਪੰਕਜ ਸਰੀਨ ਸਮੇਤ ਹਸਪਤਾਲ ਸਟਾਫ ਮੌਜੂਦ ਸੀ। ----------------- ਮੈਡੀਕਲ ਸਟੋਰਾਂ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ ਨੇ ਦੱਸਿਆ ਕਿ ਕੁਝ ਮੈਡੀਕਲ ਸਟੋਰਾਂ ਵਾਲਿਆਂ ਵੱਲੋਂ ਪੈਸੇ ਦੇ ਲਾਲਚ ਵਿਚ ਨਸ਼ੇੜੀਆਂ ਨੂੰ ਨਸ਼ੇ ਦੀਆਂ ਗੋਲੀਆਂ, ਸਰਿੰਜਾਂ ਤੇ ਟੀਕੇ ਦਿੱਤੇ ਜਾਂਦੇ ਹਨ। ਐੱਸਐੱਮਓ ਦੀ ਸ਼ਿਕਾਇਤ ‘ਤੇ ਡੀਐੱਸਪੀ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਸਖਤ ਲਹਿਜੇ ਵਿਚ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਸੰਚਾਲਕ ਬਿਨਾਂ ਡਾਕਟਰ ਦੀ ਲਿਖਤੀ ਪਰਚੀ ਤੋਂ ਕਿਸੇ ਨੂੰ ਵੀ ਦਵਾਈ ਜਾਂ ਟੀਕੇ ਆਦਿ ਨਾ ਦੇਵੇ। ਦਵਾਈਆਂ ਦੀ ਖਰੀਦ ਅਤੇ ਵਿਕਰੀ ਦਾ ਪੂਰਾ ਰਿਕਾਰਡ ਰਜਿਸਟਰ ਵਿਚ ਦਰਜ ਕੀਤਾ ਜਾਵੇ। ਪੁਲਿਸ ਜਾਂ ਡਰੱਗ ਇੰਸਪੈਕਟਰ ਵੱਲੋਂ ਕਿਸੇ ਵੀ ਸਮੇਂ ਚੈਕਿੰਗ ਦੌਰਾਨ ਰਿਕਾਰਡ ਦੀ ਪੜਤਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹਰ ਮੈਡੀਕਲ ਸਟੋਰ ਦੇ ਅੰਦਰ ਅਤੇ ਬਾਹਰ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਮਰਿਆਂ ਦੀ ਫੁਟੇਜ ਸਮੇਂ-ਸਮੇਂ ਤੇ ਚੈੱਕ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਯਮਾਂ ਦੀ ਪਾਲਣਾ ਹੋ ਰਹੀ ਹੈ। ----------------- ਨਸ਼ਿਆਂ ਦਾ ਧੰਦਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਡੀਐੱਸਪੀ ਡੀਐੱਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਹਸਪਤਾਲ ਦੇ ਆਲੇ-ਦੁਆਲੇ ਪੁਲਿਸ ਦੀ ਗਸ਼ਤ ਵਿਚ ਵਾਧਾ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਲਾਕੇ ਵਿਚ ਘੁੰਮਣ ਵਾਲੇ ਮਾੜੇ ਅਨਸਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਕਈਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਵੀ ਜਾ ਚੁੱਕੀ ਹੈ। ਡੀਐੱਸਪੀ ਨੇ ਚਿਤਾਵਨੀ ਦਿੱਤੀ ਕਿ ਜਨਤਕ ਥਾਵਾਂ ’ਤੇ ਹੁੱਲੜਬਾਜ਼ੀ ਕਰਨ ਵਾਲੇ ਜਾਂ ਲੋਕਾਂ ਨੂੰ ਡਰਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੁਲਿਸ ਵੱਲੋਂ ਹਸਪਤਾਲ ਦੇ ਬਾਹਰ ਜਾਂ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰ ਓਟ ਸੈਂਟਰ ਦੀ ਆੜ ਵਿਚ ਨਸ਼ੇ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਪੁਲਿਸ ਬਰਦਾਸ਼ਤ ਨਹੀਂ ਕਰੇਗੀ।