ਰਾਕੇਸ਼ ਗਾਂਧੀ/ਗੁਰਮੀਤ ਸਿੰਘ, ਜਲੰਧਰ : ਜਲੰਧਰ ਸ਼ਹਿਰ 'ਚ ਉਸ ਵੇਲੇ ਮਮਤਾ ਫਿਰ ਤੋਂ ਸ਼ਰਮਸਾਰ ਹੋ ਗਈ ਜਦ ਇਕ ਕਲਯੁੱਗੀ ਮਾਂ ਨੇ ਆਪਣੇ ਨਵਜਨਮੇ ਜਿਉਂਦੇ ਬੱਚੇ ਨੂੰ ਕੂੜੇ ਦੇ ਢੇਰ 'ਤੇ ਜਾਨਵਰਾਂ ਦਾ ਭੋਜਨ ਬਣਨ ਲਈ ਸੁੱਟ ਦਿੱਤਾ ਪਰ ਉਸ ਬੱਚੇ ਦੀ ਜ਼ਿੰਦਗੀ ਹਾਲੇ ਹੋਰ ਲਿਖੀ ਸੀ, ਜਿਸ ਕਾਰਨ ਦਰੱਖ਼ਤ 'ਤੇ ਅਮਰੂਦ ਤੋੜ ਰਹੀ ਇਕ ਲੜਕੀ ਨੇ ਕੂੜੇ ਦੇ ਢੇਰ 'ਚੋਂ ਰੋਂਦੇ ਬੱਚੇ ਦੀ ਆਵਾਜ਼ ਸੁਣ ਕੇ ਮੁਹੱਲੇ ਵਾਲਿਆਂ ਨੂੰ ਦੱਸਿਆ ਤਾਂ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।

ਜਾਣਕਾਰੀ ਅਨੁਸਾਰ ਥਾਣਾ-6 ਦੀ ਹੱਦ 'ਚ ਪੈਂਦੇ ਬੂਟਾ ਪਿੰਡ 'ਚ ਅੱਜ ਸਵੇਰੇ ਇਕ ਛੋਟੀ ਬੱਚੀ ਇਕ ਦਰੱਖ਼ਤ 'ਤੇ ਚੜ੍ਹ ਕੇ ਅਮਰੂਦ ਤੋੜ ਰਹੀ ਸੀ ਕਿ ਦਰੱਖ਼ਤ ਲਾਗੇ ਇਕ ਕੂੜੇ ਦੇ ਢੇਰ 'ਚੋਂ ਇਕ ਛੋਟੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਤੁਰੰਤ ਹੇਠਾਂ ਉੱਤਰੀ ਤੇ ਮੁਹੱਲੇ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਮੁਹੱਲੇ 'ਚ ਰਹਿਣ ਵਾਲੀ ਇਕ ਔਰਤ ਨੇ ਉੱਥੇ ਪਹੁੰਚ ਕੇ ਰੋ ਰਹੇ ਬੱਚੇ (ਜਿਹੜਾ ਕਿ ਮੁੰਡਾ ਸੀ) ਨੂੰ ਕੱਪੜੇ 'ਚ ਲਪੇਟ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਏਐੱਸਆਈ ਰਾਕੇਸ਼ ਕੁਮਾਰ ਮਹਿਲਾ ਪੁਲਿਸ ਮੁਲਾਜ਼ਮ ਸਮੇਤ ਮੌਕੇ 'ਤੇ ਪਹੁੰਚੇ ਤੇ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕੂੜੇ 'ਚੋਂ ਮਿਲਿਆ ਬੱਚਾ ਮੁੰਡਾ ਹੋਣ ਕਾਰਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕੰਮ ਕਿਸੇ ਅਣਵਿਆਹੀ ਲੜਕੀ ਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਹੋ ਸਕਦਾ ਹੈ ਕਿਸੇ ਫੁਟੇਜ 'ਚ ਕੂੜੇ ਦੇ ਢੇਰ 'ਤੇ ਮੁੰਡਾ ਸੁੱਟਣ ਵਾਲੀ ਕੈਦ ਹੋ ਗਈ ਹੋਵੇ। ਫਿਲਹਾਲ ਪੁਲਿਸ ਨੇ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਢਿੱਡ 'ਤੇ ਸੱਟ ਦੇ ਨਿਸ਼ਾਨ ਹਨ। ਇਹ ਸੱਟ ਬੱਚੇ ਨੂੰ ਦੂਰੋਂ ਸੁੱਟਣ ਕਰਕੇ ਵੀ ਲੱਗੀ ਹੋ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਬੱਚੇ ਦਾ ਜਨਮ ਕੁਝ ਘੰਟੇ ਪਹਿਲਾਂ ਹੀ ਹੋਇਆ। ਹਸਪਤਾਲ ਦੇ ਚਾਈਲਡ ਸਪੈਸਲਿਸ਼ਟ ਡਾ. ਬਰਜਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਹਾਲਤ ਅਜੇ ਨਾਜ਼ੁਕ ਬਣੀ ਹੋਈ ਹੈ।