ਰਾਕੇਸ਼ ਗਾਂਧੀ, ਜਲੰਧਰ : ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੇਣ ਲਈ ਨਵੀਂ ਨੀਤੀ ਜਲਦ ਲਾਗੂ ਕੀਤੀ ਜਾਵੇਗੀ। ਇਹ ਗੱਲ ਡੀਜੀਪੀ ਦਿਨਕਰ ਗੁਪਤਾ ਨੇ ਪਿਛਲੇ ਦਿਨੀਂ ਜੰਡਿਆਲਾ ਗੁਰੂ ਵਿਚ ਸ਼ਹੀਦ ਹੋਏ ਕਾਂਸਟੇਬਲ ਗੁਰਦੀਪ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਕਹੀ।

ਇਸ ਮੌਕੇ ਡੀਜੀਪੀ ਨਾਲ ਸੀਪੀ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਡੀਸੀਪੀ ਗੁਰਮੀਤ ਸਿੰਘ ਸਮੇਤ ਕਈ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਹੈਡ ਕਾਂਸਟੇਬਲ ਗੁਰਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਨੇ ਡਿਊਟੀ ਨਿਭਾਉਂਦਿਆਂ ਆਪਣੇ ਪਿਆਰੇ ਗਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ਮੁਆਵਜ਼ਾ ਨੀਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਅਧੀਨ ਹੈ ਅਤੇ ਜਲਦੀ ਹੀ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀਆਂ ਦੀ ਭਲਾਈ ਲਈ ਇਸ ਨੇਕ ਕਾਰਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਪੰਜਾਬ ਦੇ ਲੋਕਾਂ ਦੀ ਪੂਰੀ ਲਗਨ ਨਾਲ ਸੇਵਾ ਕਰਨ ਦੀ ਪੁਰਾਤਨ ਰਵਾਇਤ ਨੂੰ ਯਾਦ ਕਰਦਿਆਂ ਡੀਜੀਪੀ ਨੇ ਕਿਹਾ ਕਿ ਹੁਣ ਤਕ 1800 ਪੁਲਿਸ ਕਰਮੀਆਂ ਵਲੋਂ ਮਾਤ ਭੂਮੀ ਲਈ ਆਪਣੀਆਂ ਜਾਨਾਂ ਵਾਰੀਆਂ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਤੋਂ ਇਲਾਵਾ ਜਦੋਂ ਵੀ ਲੋੜ ਪਈ ਹੈ ਪੰਜਾਬ ਪੁਲਿਸ ਨੇ ਆਪਣੀ ਡਿਊਟੀ ਬਹੁਤ ਹੀ ਲਗਨ ਤੇ ਕੁਸ਼ਲਤਾ ਨਾਲ ਨਿਭਾਈ ਹੈ। ਸ਼ਹੀਦ ਗੁਰਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਪਣੀ ਡਿਊਟੀ ਨੂੰ ਬਹੁਤ ਹੀ ਦਲੇਰਾਨਾ ਢੰਗ ਨਾਲ ਨਿਭਾਇਆ।

ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਜਲੰਧਰ ਪੱਛਮੀ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪਰਿਵਾਰ ਦਾ ਸਾਥ ਦੇਣ ਲਈ ਕਿਹਾ। ਇਸ ਮੌਕੇ ਡੀਜੀਪੀ (ਰਿਟਾ.) ਮਹਿਲ ਸਿੰਘ ਭੁੱਲਰ, ਆਈ.ਜੀ. ਆਰ.ਕੇ.ਜੈਸਵਾਲ, ਡੀਸੀਪੀ ਨਰੇਸ਼ ਡੋਗਰਾ ਅਤੇ ਅਰੁਣ ਸੈਣੀ, ਏਡੀਸੀਪੀ ਡੀ.ਸੁਡਰਵਿਜ਼ੀ ਅਤੇ ਪੀ.ਐਸ.ਭੰਡਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।