ਰਾਕੇਸ਼ ਗਾਂਧੀ, ਜਲੰਧਰ

ਥਾਣਾ ਨੰਬਰ ਅੱਠ ਦੀ ਪੁਲਿਸ ਨੇ ਸ਼ਨੀਵਾਰ ਰਾਤ ਸੰਜੇ ਗਾਂਧੀ ਨਗਰ ਵਿੱਚ ਹੋਏ ਵਿਵਾਦ ਤੋਂ ਬਾਅਦ ਜ਼ਖ਼ਮੀ ਹੋਏ ਨੌਜਵਾਨ ਦੇ ਬਿਆਨਾਂ 'ਤੇ ਕੌਂਸਲਰ ਦੇ ਭਤੀਜਿਆਂ ਅਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਰਕੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਜ਼ਖਮੀ ਹੋਈ ਅੌਰਤ ਦੇ ਬਿਆਨ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜ਼ਖਮੀ ਅੌਰਤ ਦੇ ਪਤੀ ਦੇ ਵੀ ਐਤਵਾਰ ਪੁਲਿਸ ਨੇ ਬਿਆਨ ਰਿਕਾਰਡ ਕਰ ਲਏ ਹਨ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਸੰਜੇ ਗਾਂਧੀ ਨਗਰ ਵਿਚ ਮਾਮੂਲੀ ਵਿਵਾਦ ਨੇ ਵੱਡਾ ਰੂਪ ਧਾਰਨ ਕਰ ਲਿਆ ਸੀ ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜ਼ਖ਼ਮੀ ਹੋਏ ਜਸਮੀਤ ਸਿੰਘ ਦੇ ਰਿਸ਼ਤੇਦਾਰ ਰੌਕੀ ਨੇ ਦੱਸਿਆ ਕਿ ਉਸ ਦੀ ਭੈਣ ਮਨਕੀਰਤ ਕੌਰ ਦਾ ਵਿਆਹ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰਹਿਣ ਵਾਲੇ ਜਸਮੀਤ ਸਿੰਘ ਨਾਲ ਹੋਇਆ ਹੈ। ਸ਼ੁੱਕਰਵਾਰ ਨੂੰ ਉਸ ਦੀ ਭੈਣ ਉਨ੍ਹਾਂ ਦੇ ਘਰ ਰਹਿਣ ਲਈ ਆਈ ਸੀ ਕਿ ਦੇਰ ਰਾਤ ਗੁਆਂਢ ਵਿੱਚ ਰਹਿਣ ਵਾਲੀ ਅੌਰਤ ਨਾਲ ਉਸ ਦਾ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਗੁਆਂਢੀਆਂ ਨੇ ਮਨਕੀਰਤ ਉੱਤੇ ਹਮਲਾ ਕਰ ਦਿੱਤਾ। ਜਦ ਉਸ ਦਾ ਪਤੀ ਜਸਮੀਤ ਉਹਨੂੰ ਬਚਾਉਣ ਆਇਆ ਤਾਂ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਕੌਂਸਲਰ ਰਸ਼ਮੀ ਸੈਣੀ ਦੇ ਭਤੀਜਿਆਂ ਅਤੇ ਹੋਰ ਰਿਸ਼ਤੇਦਾਰਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਿਸ ਨਾਲ ਉਹ ਜ਼ਖ਼ਮੀ ਹੋ ਗਏ ਅਤੇ ਲਾਗੇ ਹੀ ਰਹਿਣ ਵਾਲੇ ਮੋਹਿਤ ਉੱਪਰ ਵੀ ਉਨ੍ਹਾਂ ਨੇ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ।

ਥਾਣਾ ਅੱਠ ਦੇ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜ਼ਖਮੀ ਮੋਹਿਤ ਦੇ ਬਿਆਨਾਂ 'ਤੇ ਕੌਂਸਲਰ ਰਸ਼ਮੀ ਸੈਣੀ ਦੇ ਜੇਠ ਵਿਜੇ ਸੈਣੀ, ਕੁਨਾਲ ਸੈਣੀ, ਅਮਿਤ ਸੈਣੀ, ਦੀਸ਼ਾਂਤ ਸੈਣੀ ਸਮੇਤ ਕੁਝ ਅਣਪਛਾਤੇ ਨੌਜਵਾਨਾਂ 'ਤੇ ਮਾਰਕੁੱਟ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਨਕੀਰਤ ਸਿੰਘ ਦੇ ਬਿਆਨਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਰਚੇ ਵਿਚ ਨਾਮਜ਼ਦ ਲੋਕਾਂ ਦੀ ਗਿ੍ਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਲੜਾਈ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ : ਰਵੀ ਸੈਣੀ

ਕੌਂਸਲਰ ਪਤੀ ਰਵੀ ਸੈਣੀ ਨੇ ਉਨ੍ਹਾਂ ਉੱਪਰ ਲਗਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੀ ਵਿਧਵਾ ਅੌਰਤ ਨੂੰ ਰੌਕੀ, ਉਸ ਦੀ ਭੈਣ, ਜੀਜੇ ਅਤੇ ਹੋਰ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਗਏ ਸਨ ਅਤੇ ਮਾਮਲਾ ਸ਼ਾਂਤ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਜੋ ਇਲਜ਼ਾਮ ਉਨ੍ਹਾਂ ਦੇ ਰਿਸਤੇਦਾਰਾਂ ਉੱਪਰ ਲਗਾਏ ਗਏ ਹਨ, ਉਹ ਬਿਲਕੁੱਲ ਗਲਤ ਹਨ।