ਮਨਜੀਤ ਸ਼ੇਮਾਰੂ, ਜਲੰਧਰ : ਜੇਪੀ ਨਗਰ ਦੇ ਅਗਰਵਾਲ ਲਿਵਰ ਐਂਡ ਗੱਟ ਹਸਪਤਾਲ ਵਿਚ ਇਲਾਜ ਦੇ ਬਾਵਜੂਦ ਮਰੀਜ਼ ਦੀ ਸਿਹਤ ਵਿਚ ਸੁਧਾਰ ਨਾ ਹੋਣ ਅਤੇ ਉਸ ਨੂੰ ਦੂਜੇ ਹਸਪਤਾਲ ਵਿਚ ਰੈਫਰ ਕਰਨ ਦੇ ਦੋਸ਼ਾਂ ਨੂੰ ਲੈ ਕੇ ਮੰਗਲਵਾਰ ਨੂੰ ਮਰੀਜ਼ਾਂ ਨੇ ਹੰਗਾਮਾ ਕੀਤਾ। ਹਾਲਾਂਕਿ ਹਸਪਤਾਲ ਦੇ ਡਾਕਟਰ ਇਸ ਸਬੰਧੀ ਆਪਣਾ ਪੱਖ ਦੇਣ ਤੋਂ ਿਝਜਕ ਰਹੇ ਹਨ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਮਿੱਠੂ ਬਸਤੀ ਦੇ ਵਸਨੀਕ ਹਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਸ ਦਿਨ ਤੋਂ ਉਹ ਆਪਣੇ ਪਿਤਾ ਮੋਹਨ ਸਿੰਘ ਨੂੰ ਅਗਰਵਾਲ ਲਿਵਰ ਐਂਡ ਗੱਟ ਹਸਪਤਾਲ ਜੇਪੀ ਨਗਰ ਵਿਖੇ ਇਲਾਜ ਲਈ ਲੈ ਕੇ ਆ ਰਹੇ ਹਨ। ਉਸ ਦਾ ਪਿਤਾ ਖੁਦ ਹਸਪਤਾਲ ਆਉਂਦਾ ਸੀ ਅਤੇ ਕੁਝ ਸਮਾਂ ਇਲਾਜ ਕਰਵਾ ਕੇ ਵਾਪਸ ਚਲਾ ਜਾਂਦਾ ਸੀ। ਪਿਛਲੇ ਦੋ ਦਿਨਾਂ ਤੋਂ ਉਸ ਦੀ ਤਬੀਅਤ ਸੁਧਰਨ ਦੀ ਬਜਾਏ ਵਿਗੜ ਰਹੀ ਸੀ। ਮਾਮਲੇ ਨੂੰ ਲੈ ਕੇ ਹਸਪਤਾਲ ਦੇ ਡਾਕਟਰ ਮੁਨੀਸ਼ ਅਗਰਵਾਲ 'ਤੇ ਮਰੀਜ਼ ਦੀ ਸਹੀ ਸਥਿਤੀ ਨੂੰ ਲੁਕਾਉਣ ਅਤੇ ਪਰਿਵਾਰਕ ਮੈਂਬਰਾਂ ਨੂੰ ਹਨੇਰੇ 'ਚ ਰੱਖਣ ਦਾ ਦੋਸ਼ ਲਾਇਆ ਗਿਆ। ਪਿਛਲੇ ਦਸ ਦਿਨਾਂ ਤੋਂ ਰੋਜ਼ਾਨਾ 8-10 ਹਜ਼ਾਰ ਰੁਪਏ ਇਲਾਜ 'ਤੇ ਖਰਚ ਹੋ ਰਹੇ ਸਨ। ਹਾਲਤ ਵਿਗੜਨ 'ਤੇ ਉਸ ਨੂੰ ਡੀਐੱਮਸੀ ਲੁਧਿਆਣਾ ਲਿਜਾਣ ਲਈ ਕਿਹਾ ਗਿਆ। ਉਨ੍ਹਾਂ ਨੇ ਤੁਰੰਤ ਮਰੀਜ਼ ਨੂੰ ਨਿਊ ਰੂਬੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਨੂੰ ਆਈਸੀਯੂ ਵਿਚ ਰੱਖਿਆ। ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਅਭਿਸ਼ੇਕ ਬਖਸ਼ੀ ਨੇ ਵੀ ਉਕਤ ਹਸਪਤਾਲ 'ਤੇ ਮਰੀਜ਼ਾਂ ਦੇ ਇਲਾਜ 'ਚ ਲਾਪਰਵਾਹੀ ਦਾ ਦੋਸ਼ ਲਾਇਆ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਰੀਜ਼ ਨੂੰ ਕੁਝ ਹੋਇਆ ਤਾਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਏਸੀਪੀ ਵਰਿਆਮ ਸਿੰਘ ਅਤੇ ਬਸਤੀ ਬਾਵਾ ਦੇ ਐੱਸਐੱਚਓ ਅਵਤਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਪੁਲਿਸ ਜਦੋਂ ਹਸਪਤਾਲ ਦੇ ਡਾਕਟਰ ਮੁਨੀਸ਼ ਅਗਰਵਾਲ ਦਾ ਪੱਖ ਲੈਣ ਪਹੁੰਚੇ ਤਾਂ ਉਹ ਉੱਥੋਂ ਚਲੇ ਗਏ।

ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਗੁਰਸੇਵਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਡਾ. ਮੁਨੀਸ਼ ਅਗਰਵਾਲ ਰੁਝੇਵਿਆਂ ਕਾਰਨ ਨਹੀਂ ਮਿਲ ਸਕੇ।

------

ਸ਼ਿਕਾਇਤ ਆਈ ਹੈ, ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਐੱਸਐੱਚਓ

ਥਾਣਾ ਬਸਤੀ ਬਾਵਾਖੇਲ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਉਨ੍ਹਾਂ ਹਸਪਤਾਲ ਤੋਂ ਮਰੀਜ਼ ਦਾ ਰਿਕਾਰਡ ਮੰਗਵਾ ਲਿਆ ਹੈ ਅਤੇ ਸਿਹਤ ਵਿਭਾਗ ਤੋਂ ਜਾਂਚ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।