ਅਮਰਜੀਤ ਸਿੰਘ ਵੇਹਗਲ, ਜਲੰਧਰ : ਨੀਟੂ ਸ਼ਟਰਾਂ ਵਾਲੇ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧੀ ਦੀ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੌਥੀ ਕਲਾਸ 'ਚ ਪੜ੍ਹਦੀ ਉਨ੍ਹਾਂ ਦੀ ਧੀ ਸਕੂਲ 'ਚੋਂ ਛੁੱਟੀ ਹੋਣ ਉਪਰੰਤ ਆਟੋ 'ਚ ਘਰ ਜਾ ਰਹੀ ਸੀ ਤਾਂ ਅਚਾਨਕ ਉਹ ਆਟੋ 'ਚੋਂ ਡਿੱਗ ਗਈ। ਇਸੇ ਦੌਰਾਨ ਇਕ ਕਾਰ ਉਸ ਦੇ ਉੱਪਰੋਂ ਲੰਘ ਗਈ। ਹਾਦਸੇ 'ਚ ਨੀਟੂ ਦੀ ਪੁੱਤਰੀ ਸਾਕਸ਼ੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਸਾਕਸ਼ੀ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੀਸੀਟੀਵੀ ਦੀ ਫੁਟੇਜ ਅਨੁਸਾਰ ਜਦ ਆਟੋ ਵਿਚ ਸਵਾਰ ਹੋ ਕੇ ਸਾਕਸ਼ੀ ਸਕੂਲੋਂ ਆਪਣੇ ਘਰ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਜਿਵੇਂ ਹੀ ਆਟੋ ਦੇ ਕੋਲੋਂ ਨਿਕਲੀ ਤਾਂ ਸਾਕਸ਼ੀ ਇਕਦਮ ਆਟੋ 'ਚੋਂ ਡਿੱਗ ਕੇ ਕਾਰ ਦੇ ਪਿਛਲੇ ਟਾਇਰ ਹੇਠ ਆ ਗਈ।

ਆਟੋ ਤੇ ਕਾਰ ਚਾਲਕ ਦੋਵਾਂ 'ਤੇ ਪਰਚਾ ਦਰਜ

ਥਾਣਾ ਤਿੰਨ ਦੇ ਐੱਸਐੱਚਓ ਰੇਸ਼ਮ ਸਿੰਘ ਨੇ ਦੱਸਿਆ ਕਿ ਨੀਟੂ ਸ਼ਟਰਾਂ ਵਾਲੇ ਦੇ ਬਿਆਨ 'ਤੇ ਆਟੋ ਚਾਲਕ ਅਜਰੂਨ ਨਗਰ ਨਿਵਾਸੀ ਕਪਿਲ ਤੇ ਗਲੋਬ ਕਾਲੋਨੀ ਦੇ ਰਹਿਣ ਵਾਲੇ ਕਾਰ ਚਾਲਕ ਹਿਮੰਗ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Posted By: Seema Anand