ਜਤਿੰਦਰ ਪੰਮੀ, ਜਲੰਧਰ : ਹੁਣ ਤਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ, ਉਨ੍ਹਾਂ ਵਿਚ ਜ਼ਿਆਦਾਤਰ ਵਿਆਹਾਂ ਬਾਰੇ ਫਿਲਮਾਇਆ ਗਿਆ ਹੈ ਪਰ ਸਾਡੀ ਨਵੀਂ ਫਿਲਮ 'ਚ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਾਲੇ ਹੋਣ ਵਾਲੀ ਖਿੱਚੋਤਾਣ ਨੂੰ ਦਰਸਾਇਆ ਗਿਆ ਹੈ। ਇਹ ਪ੍ਰਗਟਾਵਾ ਕਾਮੇਡੀ ਫਿਲਮਾਂ ਦੇ ਪ੍ਰਸਿੱਧ ਹੀਰੋ ਬੀਨੂੰ ਢਿੱਲੋਂ ਨੇ ਆਪਣੀ 23 ਅਗਸਤ ਨੂੰ ਰਿਲੀਜ਼ ਹੋਣ ਵਾਲੀ ਨਵੀਂ ਫਿਲਮ 'ਨੌਕਰ ਵਹੁਟੀ ਦਾ' ਦੀ ਪ੍ਰਮੋਸ਼ਨ ਦੌਰਾਨ 'ਪੰਜਾਬੀ ਜਾਗਰਣ' ਦਫਤਰ 'ਚ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਇਸ ਫਿਲਮ 'ਚ ਮੁੱਖ ਭੂਮਿਕਾ ਬੀਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਨੇ ਨਿਭਾਈ ਹੈ। ਬੀਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਨੇ ਕਿਹਾ ਕਿ ਇਹ ਫਿਲਮ ਜਿਥੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਉਥੇ ਹੀ ਹਰੇਕ ਘਰ ਦੀ ਕਹਾਣੀ ਬਿਆਨ ਕਰੇਗੀ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਹਰਿਆਣਾ ਦੇ ਫਰੀਦਾਬਾਦ ਵਿਚ ਕੀਤੀ ਗਈ ਹੈ। ਪ੍ਰਰੋਡਿਊਸਰ ਰੋਹਿਤ ਕੁਮਾਰ ਦੀ ਪ੍ਰਰੋਡਕਸ਼ਨ 'ਚ ਤਿਆਰ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਡਾਇਰੈਕਟਰ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ। ਬੀਨੂੰ ਤੇ ਕੁਲਰਾਜ ਨੇ ਦੱਸਿਆ ਕਿ ਇਹ ਫਿਲਮ ਮੌਜੂਦਾ ਦੌਰ ਵਿਚ ਹਰ ਘਰ 'ਚ ਪੈਦਾ ਹੋਏ ਹਾਲਾਤ ਦੀ ਪੇਸ਼ਕਾਰੀ ਕਰੇਗੀ ਕਿ ਕਿਸ ਤਰ੍ਹਾਂ ਪਤੀ-ਪਤਨੀ ਦੇ ਛੋਟੇ-ਛੋਟੇ ਝਗੜੇ ਤਲਾਕ ਤਕ ਪੁੱਜ ਜਾਂਦੇ ਹਨ ਅਤੇ ਘਰੇਲੂ ਝਗੜਿਆਂ ਦਾ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ। ਇਸ ਫਿਲਮ ਦੇ ਹੋਰ ਅਦਾਕਾਰਾਂ 'ਚ ਜਸਵਿੰਦਰ ਭੱਲਾ, ਗੁਰਪ੍ਰਰੀਤ ਘੁੱਗੀ, ਉਪਾਸਨਾ ਸਿੰਘ, ਰਣਜੀਤ ਬਾਵਾ, ਕਵਿਤਾ ਕੌਸ਼ਿਕ, ਸੰਜੀਵ ਕੁਮਾਰ, ਰੁਚੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਆਦਿ ਸ਼ਾਮਲ ਹਨ।

ਸੰਜੀਦਾ ਫਿਲਮਾਂ ਬਣਾਉਣ 'ਚ ਕਈ ਅੜਿੱਕੇ

ਪੰਜਾਬੀ 'ਚ ਸੰਜੀਦਾ ਫਿਲਮਾਂ ਘੱਟ ਬਣਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਬੀਨੂੰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਫਿਲਮਾਂ 'ਚ ਜਿਥੇ ਕਾਮੇਡੀ ਦਾ ਤੜਕਾ ਹੁੰਦਾ ਹੈ, ਉਥੇ ਹੀ ਹਰੇਕ ਫਿਲਮ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਦਿੰਦੀ ਹੈ। ਫਿਰ ਵੀ ਉਨ੍ਹਾਂ ਕਿਹਾ ਕਿ ਸੰਜੀਦਾ ਫਿਲਮਾਂ ਬਣਾਉਣ 'ਚ ਕਈ ਅੜਿੱਕੇ ਹੁੰਦੇ ਹਨ, ਜਿਵੇਂ ਕਿ ਫਿਲਮਾਂ ਦੀ ਪਾਇਰੇਸੀ ਸਭ ਤੋਂ ਵੱਡਾ ਅੜਿੱਕਾ ਹੈ ਕਿਉਂਕਿ ਫਿਲਮ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪੁੱਜ ਜਾਂਦੀ ਹੈ ਅਤੇ ਲੋਕ ਸਿਨੇਮਾ 'ਚ ਜਾਣ ਦੀ ਬਜਾਏ ਮੋਬਾਈਲਾਂ 'ਤੇ ਹੀ ਦੇਖ ਲੈਂਦੇ ਹਨ। ਕਈ ਵਾਰ ਤਾ ਲੋਕ ਸਿਨਮੇ 'ਚ ਬੈਠ ਕੇ ਫੇਸਬੁੱਕ 'ਤੇ ਲਾਈਵ ਕਰਕੇ ਫਿਲਮ ਹੋਰਨਾਂ ਨੂੰ ਦਿਖਾ ਦਿੰਦੇ ਹਨ। ਸਿੱਖ ਜਰਨੈਲਾਂ 'ਤੇ ਫਿਲਮ ਨਾ ਬਣਨ ਬਾਰੇ ਪੁੱਛੇ ਜਾਣ 'ਤੇ ਬੀਨੂੰ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਲਈ ਸੈਂਸਰ ਦੀ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਸਿੱਖ ਜਥੇਬੰਦੀਆਂ ਵਿਸ਼ੇਸ਼ ਕਰ ਕੇ ਐੱਸਜੀਪੀਸੀ ਤੋਂ ਫਿਲਮ ਬਾਰੇ ਐੱਨਓਸੀ ਲੈਣ ਲਈ ਧੱਕੇ ਖਾਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਸਿੱਖ ਜਰਨੈਲਾਂ 'ਤੇ ਜਾਂ ਤਾਂ ਆਪ ਹੀ ਫਿਲਮਾਂ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ ਜਾਂ ਫਿਰ ਫਿਲਮ ਬਣਾਉਣ ਵਾਲਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਜਰਨੈਲਾਂ ਦੀਆਂ ਬਹਾਦਰੀਆਂ ਬਾਰੇ ਪੰਜਾਬੀਆਂ ਤੇ ਹੋਰਨਾਂ ਨੂੰ ਫਿਲਮਾਂ ਰਾਹੀਂ ਜਾਣੂ ਕਰਵਾਇਆ ਜਾ ਸਕੇ।