ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਦੋ ਕੈਂਟਰਾਂ 'ਤੇ 203 ਕਿੱਲੋ ਡੋਡਿਆਂ ਸਮੇਤ ਗਿ੍ਫਤਾਰ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਕੋਦਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਐੱਸਆਈ ਜਸਬੀਰ ਸਿੰਘ ਵੱਲੋਂ ਪੁਲਿਸ ਪਾਰਟੀ ਦੇ ਨਾਲ ਵਿਸ਼ੇਸ਼ ਮੁਖ਼ਬਰ ਦੀ ਇਤਲਾਹ 'ਤੇ ਜੰਡਿਆਲਾ ਤੋਂ ਨਕੋਦਰ ਰੋਡ ਪੰਜ ਪੀਰ ਮੋੜ ਸ਼ੰਕਰ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਕੈਂਟਰਾਂ 'ਤੇ 203 ਕਿੱਲੋ ਡੋਡਿਆਂ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਉਰਫ ਰੋਡਾ ਵਾਸੀ ਬਲਾਚੌਰ ਵਾਰਡ ਨੰਬਰ 2 ਥਾਣਾ ਬਲਾਚੌਰ ਅਤੇ ਬੁੱਧ ਸਿੰਘ ਉਰਫ਼ ਸਾਬੀ ਵਾਸੀ ਭੋਏਪੁਰ ਥਾਣਾ ਸ਼ਾਹਕੋਟ ਨੂੰ ਗੱਡੀ ਟਾਟਾ ਕੈਂਟਰ ਨੰਬਰ ਪੀਬੀ 32 ਐੱਲ 9419 ਵਿਚੋਂ ਚਾਰ ਬੋਰੀਆਂ ਵਿਚ ਪਾਏ 82 ਕਿਲੋ ਡੋਡੇ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੋਨੂੰ ਕੋਲੋ ਟਾਟਾ ਕੈਂਟਰ ਗੱਡੀ ਨੰਬਰ ਪੀਬੀ 32 ਐੱਚ 8077 ਨੂੰ ਕਾਬੂ ਕਰ ਕੇ ਉਸ ਵਿਚੋਂ 6 ਬੋਰੀਆਂ ਵਿਚ ਪਾਏ 121 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਨਸ਼ਾ ਐਕਟ ਅਧੀਨ ਮੁਕੱਦਮਾ ਦਰਜ ਕਰਨ ਉਪਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਹੈ। ਇੱਥੋਂ ਅਦਾਲਤ ਵੱਲੋਂ ਪੁਲਿਸ ਨੂੰ ਇਨ੍ਹਾਂ ਦਾ ਰਿਮਾਂਡ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।