ਪ੍ਰਿਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਕੱਪੜਾ ਵਪਾਰੀ ਕਤਲ ਕਾਂਡ ਵਿਚ ਗੈਂਗਸਟਰਾਂ ਦਾ ਮੁਕਾਬਲਾ ਕਰਦਿਆਂ ਜਾਨ ਗੁਆਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਮਨਦੀਪ ਸਿੰਘ ਦੇ ਗ੍ਰਹਿ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਪਿਤਾ ਬਲਵਿੰਦਰ ਸਿੰਘ, ਤਾਇਆ ਸਰਪੰਚ ਅਵਤਾਰ ਸਿੰਘ, ਭਰਾ ਜਸਪਾਲ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਅਤੇ ਆਈਜੀ ਜਲੰਧਰ ਰੇਂਜ ਗੁਰਸ਼ਰਨ ਸਿੰਘ ਸੰਧੂ ਪਹੁੰਚੇ। ਇਸ ਮੌਕੇ ਐੱਸਡੀਐੱਮ ਸ਼ਾਹਕੋਟ ਅਮਨਪਾਲ ਸਿੰਘ, ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਤੇ ਨਾਇਬ ਤਹਿਸੀਲਦਾਰ ਲੋਹੀਆਂ ਗੁਰਪ੍ਰੀਤ ਸਿੰਘ ਵੀ ਨਾਲ ਮੌਜੂਦ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਆਪਣੇ ਜਵਾਨ ਮਨਦੀਪ ਸਿੰਘ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਵੇਗੀ। ਮਨਦੀਪ ਸਿੰਘ ਦੀ ਮੌਤ ਨਾਲ ਪਰਿਵਾਰ ਨੂੰ ਪਏ ਘਾਟੇ ਨੂੰ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਕਾਤਲਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ ਪਰਿਵਾਰ ਦੀ ਮਦਦ ਲਈ ਇਕ ਕਰੋੜ ਰੁਪਏ ਐਕਸ-ਗੇ੍ਰਸ਼ੀਆ ਤੇ ਇਕ ਕਰੋੜ ਰੁਪਏ ਇੰਸ਼ੋਰੈਂਸ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲਾਵਾਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਪੂਰੀ ਪੰਜਾਬ ਪੁਲਿਸ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਖੜ੍ਹੀ ਹੈ।

ਪਰਿਵਾਰਕ ਸੂਤਰਾਂ ਅਨੁਸਾਰ, ਰਿਸ਼ਤੇਦਾਰਾਂ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਮਨਦੀਪ ਸਿੰਘ ਦੀ ਦੇਹ ਦਾ ਸਸਕਾਰ 9 ਦਸੰਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸਬ ਇੰਸਪੈਕਟਰ ਨਿਰਮਲ ਸਿੰਘ ਚੌਕੀ ਇੰਚਾਰਜ ਮਲਸੀਆਂ, ਸਬ ਇੰਸਪੈਕਟਰ ਦਿਨੇਸ਼ ਕੁਮਾਰ, ਏਐੱਸਆਈ ਮਲਕੀਤ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਰਣਚੇਤ ਸਿੰਘ ਕੋਟਲੀ, ਦਲਬੀਰ ਸਿੰਘ ਕੋਟਲੀ, ਨੰਬਰਦਾਰ ਸੁਖਦੇਵ ਸਿੰਘ, ਡਾ. ਜਰਨੈਲ ਸਿੰਘ, ਬਲਕਾਰ ਸਿੰਘ, ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ, ਜਸਪਾਲ ਸਿੰਘ, ਮਾਸਟਰ ਅਮਰਪ੍ਰੀਤ ਸਿੰਘ, ਜਰਨੈਲ ਸਿੰਘ ਸੈਕਟਰੀ, ਅਮਰਜੀਤ ਸਿੰਘ ਯੂਐੱਸਏ, ਚਰਨ ਸਿੰਘ, ਬੂਟਾ ਸਿੰਘ ਕੋਟਲੀ ਸਾਬਕਾ ਸਰਪੰਚ, ਗੁਰਦੇਵ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Posted By: Jagjit Singh