ਪਿੰ੍ਸ ਅਰੋੜਾ, ਨੂਰਮਹਿਲ : ਸੂਬੇ ਅੰਦਰ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਚੋਣਾਂ ਦਾ ਐਲਾਨ ਹੋਣ 'ਤੇ ਸਾਰੀਆਂ ਰਵਾਇਤੀ ਪਾਰਟੀਆਂ ਵਿਚ ਉੱਥਲ-ਪੁੱਥਲ ਮਚੀ ਹੋਈ ਹੈ ਅਤੇ ਪ੍ਰਤੀ ਦਿਨ ਜੋੜ-ਤੋੜ ਦੀ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਕਾਂਗਰਸ ਹਾਈਕਮਾਂਡ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਬਾਕੀ ਰਹਿੰਦੀਆਂ 31 ਸੀਟਾਂ ਲਈ ਹਾਲੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ, ਜਿਸ ਵਿਚ ਹਲਕਾ ਨਕੋਦਰ ਦੀ ਵੀ ਸੀਟ 'ਤੇ ਹਾਲੇ ਤਕ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਨਕੋਦਰ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਲਿਆਂ ਦੀ ਕਤਾਰ ਲੰਬੀ ਹੈ, ਜਿਸ 'ਤੇ 'ਇਕ ਅਨਾਰ ਤੇ ਸੌ ਬਿਮਾਰ' ਵਾਲੀ ਕਹਾਵਤ ਫਿੱਟ ਬੈਠਦੀ ਹੈ। ਕਾਂਗਰਸ ਪਾਰਟੀ ਦੀ ਟਿਕਟ ਲਈ ਹਲਕਾ ਨਕੋਦਰ ਤੋਂ ਇਲਾਕੇ ਦੇ ਕਈ ਕਾਂਗਰਸੀ ਆਗੂ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਜੀਅ ਜਾਨ ਨਾਲ ਲੱਗੇ ਹੋਏ ਹਨ ਪਰ ਕਾਂਗਰਸ ਹਾਈਕਮਾਂਡ ਵੱਲੋਂ ਇਸ ਸੀਟ 'ਤੇ ਡੰੂਘਾ ਮੰਥਨ ਕੀਤਾ ਜਾ ਰਿਹਾ ਹੈ। ਜ਼ਿਕਰ-ਏ-ਖਾਸ ਗੱਲ ਇਹ ਹੈ ਕਿ ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਵੱਲੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ ਜੋ ਕਿ ਲਗਾਤਾਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਰਾਪਤ ਕਰ ਚੁੱਕੇ ਹਨ। ਇਸ ਲਈ ਕਾਂਗਰਸ ਹਾਈਕਮਾਂਡ ਇਸ ਸੀਟ ਤੋਂ ਆਪਣਾ ਉਮੀਦਵਾਰ ਐਲਾਨਣ ਵਿਚ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ ਅਤੇ ਕੋਈ ਮਜ਼ਬੂਤ ਚਿਹਰੇ ਦੀ ਭਾਲ ਵਿਚ ਹੈ। ਹੁਣ ਦੇਖਣਾ ਹੋਵੇਗਾ ਕਿ ਹਲਕਾ ਨਕੋਦਰ ਤੋਂ ਕੌਣ ਸਿਆਸੀ ਮੈਦਾਨ ਵਿਚ ਨਿੱਤਰਦਾ ਹੈ? ਇਸ ਦੇ ਨਾਲ ਹੀ ਅਕਾਲੀ ਦਲ ਅਤੇ ਬਸਪਾ ਗਠਜੋੜ ਵਲੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਆਮ ਆਦਮੀ ਪਾਰਟੀ ਵੱਲੋਂ ਇੰਦਰਜੀਤ ਕੌਰ ਮਾਨ, ਪੰਜਾਬ ਲੋਕ ਕਾਂਗਰਸ ਵੱਲੋਂ ਸਾਬਕਾ ਕਪਤਾਨ ਅਜੀਤਪਾਲ ਸਿੰਘ ਅਤੇ ਸੀਪੀਆਈ (ਐੱਮ) ਵੱਲੋਂ ਕਾਮਰੇਡ ਗੁਰਮੇਲ ਨਾਹਲ ਨੂੰ ਨਕੋਦਰ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।