ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸੋਮਵਾਰ ਨੂੰ ਥਾਣਾ ਭੋਗਪੁਰ ਤੋਂ 500 ਮੀਟਰ ਦੀ ਦੂਰੀ ਤੇ ਸਾਹਮਣੇ ਪੈਂਦੀ ਗਲੀ (ਵਾਰਡ ਨੰਬਰ 1) ਦੇ ਘਰ 'ਚ ਇੱਕਲੀ ਰਹਿੰਦੀ 70 ਸਾਲ ਦੇ ਕਰੀਬ ਮਹਿਲਾ ਦੀ ਬੰਦ ਘਰ 'ਚੋਂ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਸੀ। ਪੁਲਿਸ ਨੇ ਮਾਮਲੇ ਨੂੰ ਹੱਲ ਕਰਦੇ ਹੋਏ ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਉਸ ਦੇ ਇਕ ਸਾਥੀ ਸਮੇਤ ਬਜ਼ੁਰਗ ਦੇ ਕਤਲ ਦੇ ਦੋਸ਼ 'ਚ ਗਿ੍ਫ਼ਤਾਰ ਕਰ ਲਿਆ ਹੈ। ਜਦਕਿ ਦੋਵਾਂ ਮੁਲਜ਼ਮਾਂ ਦੇ ਤੀਜੇ ਸਾਥੀ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਥਾਣਾ ਭੋਗਪੁਰ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਮਿ੍ਤਕਾ ਗੁਰਬਖਸ਼ ਕੌਰ ਦੀ ਮੌਤ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ ਦੋ ਨੌਜਵਾਨਾਂ ਦਵਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਭੋਗਪੁਰ ਜੋ ਕਿ ਮਿ੍ਤਕ ਗੁਰਬਖਸ਼ ਕੌਰ ਦਾ ਰਿਸ਼ਤੇਦਾਰ ਹੈ ਤੇ ਉਸ ਦੇ ਬਿਲਕੁਲ ਨਾਲ ਲਗਦੇ ਘਰ 'ਚ ਰਹਿੰਦਾ ਸੀ ਤੇ ਉਸ ਦੇ ਸਾਥੀ ਨਵਦੀਪ ਸਿੰਘ ਉਰਫ ਸੋਨੂੰ ਵਾਸੀ ਸੈਦੋਵਾਲ ਥਾਣਾ ਦਸੂਹਾ ਨੂੰ ਹਿਰਾਸਤ 'ਚ ਲਿਆ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਅਪਣਾ ਗੁਨਾਹ ਕਬੂਲ ਕਰਦਿਆਂ ਦੱਸਿਆ ਕਿ ਉਨ੍ਹਾਂ ਨਾਲ ਦਵਿੰਦਰ ਸਿੰਘ ਦਾ ਭਰਾ ਲਖਵਿੰਦਰ ਸਿੰਘ ਉਰਫ ਲੱਕੀ ਵੀ ਸ਼ਾਮਲ ਸੀ, ਜਿਸ ਦੀ ਮੌਤ ਹੋ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਉਰਫ ਲੱਕੀ ਅਪਣੇ ਪਿਤਾ ਨਾਲ ਭੋਗਪੁਰ ਰਹਿੰਦੇ ਸਨ। ਲਖਵਿੰਦਰ ਤੇ ਦਵਿੰਦਰ ਦੋਵੇਂ ਨਸ਼ਿਆਂ ਦੇ ਆਦੀ ਸਨ। ਇਨ੍ਹਾਂ ਦੋਵਾਂ ਭਰਾਵਾਂ ਨੇ ਅਪਣੇ ਇਕ ਦੋਸਤ ਨਾਲ ਮਿਲ ਕੇ ਆਪਣੇ ਪਿਤਾ ਦੀ ਭੂਆ ਰਿਟਾਇਰਡ ਅਧਿਆਪਕਾ ਗੁਰਬਖਸ਼ ਕੌਰ ਦਾ ਕਤਲ ਨਸ਼ਿਆਂ ਦੀ ਪੂਰਤੀ ਲਈ ਪੈਸੇ ਲੁੱਟਣ ਦੀ ਨੀਅਤ ਨਾਲ ਕਰ ਦਿੱਤਾ ਤੇ ਉਸ ਦਾ ਮੋਬਾਈਲ ਫੋਨ ਤੇ 3000 ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।

ਗੁਰਬਖਸ਼ ਕੌਰ ਦੇ ਕਤਲ ਤੋਂ ਬਾਅਦ ਸ਼ਾਮ ਪਈ ਦੋਵੇਂ ਭਰਾ ਆਪਣੇ ਮੁਹੱਲੇ 'ਚ ਲੱਗੇ ਲੰਗਰ 'ਚ ਰੋਟੀ ਖਾਣ ਲਈ ਗਏ ਤੇ ਇਸੇ ਦੌਰਾਨ ਲਖਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਹਾਲਤ ਖ਼ਰਾਬ ਹੋ ਗਈ। ਇਸ ਦੌਰਾਨ ਪੁਲਿਸ ਨੇ ਦਵਿੰਦਰ ਸਿੰਘ ਤੇ ਉਸ ਦੇ ਦੋਸਤ ਨਵਦੀਪ ਸਿੰਘ ਉਰਫ ਸੋਨੂੰ ਨੂੰ ਪੁਲਿਸ ਨੂੰ ਗਿ੍ਫ਼ਤਾਰ ਕਰ ਲਿਆ ਤੇ ਲੱਕੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਦੋਸਤ ਦੇ ਘਰ ਹੀ ਛੱਡ ਦਿੱਤਾ ਤੇ ਐਬੂਲੈਂਸ ਮੰਗਵਾ ਕੇ ਲੱਕੀ ਨੂੰ ਉਸ ਦੇ ਪਿਤਾ ਨਾਲ ਕਾਲਾ ਬੱਕਰਾ ਸਿਹਤ ਕੇਂਦਰ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।