ਜਾਗਰਣ ਸੰਵਾਦਦਾਤਾ, ਜਲੰਧਰ : ਮੰਗਲਵਾਰ ਨੂੰ ਨਗਰ ਨਿਗਮ ਦੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਡੀਜ਼ਲ ਨਾ ਮਿਲਣ ਕਾਰਨ ਕੂੜਾ ਲਿਫਟਿੰਗ ਠੱਪ ਹੋ ਗਈ ਹੈ, ਜਿਸ ਤੋਂ ਬਾਅਦ ਸ਼ਹਿਰ ਦੇ ਸਾਰੇ ਡੰਪਾਂ ’ਤੇ ਕੂੜਾ ਇਕੱਠਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਪ੍ਰਾਈਵੇਟ ਪੈਟਰੋਲ ਪੰਪ ਤੋਂ ਨਗਰ ਨਿਗਮ ਦੀਆਂ ਗੱਡੀਆਂ ਨੂੰ ਡੀਜ਼ਲ ਮਿਲ ਰਿਹਾ ਸੀ, ਉਸ ਦੀ ਪੇਮੈਂਟ ਨਾ ਹੋਣ ਕਾਰਨ ਸਪਲਾਈ ’ਚ ਰੁਕਾਵਟ ਆਈ ਹੈ।

ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਧਿਕਾਰੀ

ਨਗਰ ਨਿਗਮ ਨੇ 3 ਮਹੀਨੇ ਪਹਿਲਾਂ ਲੰਮਾ ਪਿੰਡ ਚੌਕ ਸਥਿਤ ਵਰਕਸ਼ਾਪ ਦਾ ਪੈਟਰੋਲ ਪੰਪ ਬੰਦ ਕਰ ਦਿੱਤਾ ਸੀ। ਨਗਰ ਨਿਗਮ ਦੇ ਅਧਿਕਾਰੀ ਇਸ ਵੇਲੇ ਖ਼ੁਦ ਵਰਕਸ਼ਾਪ ’ਚ ਮੌਜੂਦ ਹਨ ਤੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਨਗਰ ਨਿਗਮ ਨੂੰ ਮਾਰਕੀਟ ਵਿੱਚੋਂ ਮਹਿੰਗਾ ਡੀਜ਼ਲ ਮਿਲ ਰਿਹਾ ਸੀ, ਜਿਸ ਕਾਰਨ 3 ਮਹੀਨੇ ਪਹਿਲਾਂ ਵਰਕਸ਼ਾਪ ਦਾ ਪੈਟਰੋਲ ਪੰਪ ਬੰਦ ਕਰ ਦਿੱਤਾ ਸੀ ਤੇ ਮਾਰਕੀਟ ’ਚੋਂ ਗੱਡੀਆਂ ’ਚ ਤੇਲ ਪੁਆਇਆ ਜਾ ਰਿਹਾ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਵੇਰਕਾ ਮਿਲਕ ਪਲਾਂਟ ਚੌਕ ਨੇੜੇ ਸਥਿਤ ਪੈਟਰੋਲ ਪੰਪ ਨੂੰ ਭੁਗਤਾਨ ਨਾ ਹੋਣ ਕਾਰਨ ਪੰਪ ਮਾਲਕ ਨੇ ਡੀਜ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਦਿਨੋਂ-ਦਿਨ ਵਧਦੀ ਜਾ ਰਹੀ ਹੈ ਕੂੜੇ ਦੀ ਸਮੱਸਿਆ

ਸ਼ਹਿਰ ’ਚ ਕੂੜੇ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ ਅਤੇ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਕੂੜੇ ਨੂੰ ਖਾਦ ਵਿਚ ਤਬਦੀਲ ਕਰਨ ਵਾਲੀ ਮਸ਼ੀਨ ਤਾਂ ਲੈ ਲਈ ਗਈ ਪਰ ਇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਸਥਿਤੀ ਇਹ ਹੈ ਕਿ ਲੋਕ ਕੂੜੇ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਸ਼ਹਿਰ ’ਚ ਕੂੜਾ ਖੁੱਲ੍ਹੇਆਮ ਸਾੜਿਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੀ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ।

Posted By: Harjinder Sodhi