ਮਨਜੀਤ ਸ਼ੇਮਾਰੂ, ਜਲੰਧਰ : ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਵਾਰਡ ਨੰਬਰ 2 ਤੋਂ ਕੌਂਸਲਰ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਜਲੰਧਰ ਨਗਰ ਨਿਗਮ ਵਿਚ ਭਿ੍ਸ਼ਟਾਚਾਰ ਦਾ ਦੌਰ ਇਸ ਤਰ੍ਹਾਂ ਵਧਿਆ ਹੈ ਕਿ ਪਹਿਲਾਂ ਇਹ ਗੁਪਤ ਤਰੀਕੇ ਨਾਲ ਕੀਤਾ ਜਾਂਦਾ ਸੀ ਪਰ ਹੁਣ ਨਗਰ ਨਿਗਮ ਨੂੰ ਖੁੱਲ੍ਹੇ ਤੌਰ 'ਤੇ ਲੁੱਟਣ ਦਾ ਕੰਮ ਠੇਕੇਦਾਰਾਂ ਨੂੰ ਠੇਕੇ' ਤੇ ਦੇ ਦਿੱਤਾ ਗਿਆ ਹੈ। ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਵੱਖ-ਵੱਖ ਵਾਰਡਾਂ ਦਾ ਕੂੜਾ ਅਤੇ ਸਫਾਈ ਦਾ ਕੰਮ ਕੁਝ ਠੇਕੇਦਾਰਾਂ ਨੂੰ ਟਰੈਕਟਰ ਟਰਾਲੀਆਂ ਰਾਹੀਂ ਦਿੱਤਾ ਜਾਂਦਾ ਹੈ, ਉਸ ਵਿਚ ਖੁੱਲ੍ਹ ਕੇ ਭਿ੍ਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਵਿਚ ਜੋ ਕੂੜਾ ਚੁੱਕਣ ਲਈ ਟਰੈਕਟਰ ਟਰਾਲੀ ਲਾਈ ਗਈ ਹੈ, ਉਸ ਟਰਾਲੀ ਦਾ ਨਾਂ ਤਾਂ ਫਰਸ਼ ਪੱਕਾ ਹੈ ਅਤੇ ਨਾ ਹੀ ਇਸ ਦਾ ਪਿਛਲਾ ਦਰਵਾਜ਼ਾ ਹੈ। ਟਰਾਲੀ ਦਾ ਸਾਰਾ ਫ਼ਰਸ਼ ਵੀ ਖਰਾਬ ਹੋ ਚੁੱਕਾ ਹੈ। ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 2 ਤੋਂ ਜਿਥੋਂ ਜਿਥੋਂ ਵੀ ਕੂੜਾ-ਕਰਕਟ ਅਤੇ ਮਲਬਾ ਚੁਕਿਆ ਜਾਂਦਾ ਹੈ ਉਹ ਸਾਰੇ ਰਾਸਤੇ ਵਿਚ ਖਿਲਰਦਾ ਜਾਂਦਾ ਹੈ, ਅਜਿਹੀ ਟਰਾਲੀ ਕੂੜਾ ਚੁੱਕਣ ਯੋਗ ਨਹੀਂ ਹੈ।

ਨਗਰ ਨਿਗਮ ਵੱਲੋਂ ਠੇਕੇਦਾਰ ਨੂੰ ਪ੍ਰਤੀ ਦਿਨ 2500 ਰੁਪਏ ਦਿੱਤੇ ਜਾਂਦੇ ਹਨ ਅਤੇ ਇਹ ਲਗਭਗ 60,000 ਪ੍ਰਤੀ ਮਹੀਨਾ ਬਣਦਾ ਹੈ। ਇਹ ਸਾਰਾ ਪੈਸਾ ਜੋ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਦੇ ਅਧੀਨ ਦਿੱਤਾ ਜਾ ਰਿਹਾ ਹੈ। ਇਹ ਸਾਰਾ ਪੈਸਾ ਜਲੰਧਰ ਨਗਰ ਨਿਗਮ ਵਿਚ ਗਲਤ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਹੈ ਕਿ ਅਜਿਹੇ ਠੇਕੇਦਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਭਿ੍ਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ। ਸੁਸ਼ੀਲ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵਿਚ ਫੈਲੇ ਇਸ ਭਿ੍ਸ਼ਟਾਚਾਰ ਵਿਰੁੱਧ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ 'ਤੇ ਵਿਰੋਧ ਕਰਨ ਜਾ ਰਹੀ ਹੈ।