ਜੇਐੱਨਐੱਨ, ਜਲੰਧਰ : ਸ਼ਹਿਰ ਦੇ ਵਾਰ ਨੰਬਰ 78 ਦੇ ਸ਼ਿਆਮ ਨਗਰ 'ਚ ਨਗਰ ਨਿਗਮ ਨੇ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ। ਸ਼ੁੱਕਰਵਾਰ ਸਵੇਰੇ ਲੋਕਾਂ ਨੇ ਸੀਵਰੇਜ ਦੇ ਕੰਮ ਦਾ ਵਿਰੋਧ ਕੀਤਾ, ਜਿਸ ਕਾਰਨ ਨਗਰ ਨਿਗਮ ਨੂੰ ਕੰਮ ਰੋਕਣਾ ਪਿਆ ਹੈ। ਇਲਾਕੇ 'ਚ ਨਵੀਂ ਸੀਵਰੇਜ ਲਾਈਨ ਪਾਈ ਜਾ ਰਹੀ ਹੈ ਜਿਸ ਦਾ ਸਾਈਜ਼ ਅੱਠ ਇੰਚ ਹੈ।

ਨਗਰ ਨਿਗਮ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਜਦੋਂ ਕੰਮ ਸ਼ੁਰੂ ਕੀਤਾ ਤਾਂ ਲੋਕ ਉੱਥੇ ਪਹੁੰਚ ਗਏ ਤੇ ਨਗਰ ਨਿਗਮ ਦੀ ਟੀਮ ਤੇ ਠੇਕੇਦਾਰ ਨੂੰ 12 ਇੰਚ ਦੀ ਸੀਵਰੇਜ ਪਾਈਪ ਪਾਉਣ ਲਈ ਕਿਹਾ। ਇਸ ਮੌਕੇ ਪਹੁੰਚੇ ਲੋਕਾਂ ਨੇ ਕਿਹਾ ਕਿ ਛੋਟੀ ਸੀਵਰੇਜ ਪਾਈਪ ਪਾਉਣ ਕਾਰਨ ਲੋਕਾਂ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ।

ਲੋਕਾਂ ਨੇ ਕਿਹਾ ਕਿ ਛੋਟੀ ਪਾਈਪ ਪਾਉਣ ਕਾਰਨ ਬਲੌਕੇਜ ਦੀ ਸਮੱਸਿਆ ਬਣੀ ਰਹੇਗੀ ਤੇ ਕੁਝ ਸਮੇਂ ਬਾਅਦ ਸੀਰਵੇਜ ਬਲੌਕ ਹੋ ਜਾਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੇ 12 ਇੰਚ ਦੀ ਪਾਈਪ ਪਾਈ ਜਾਵੇ ਤਾਂ ਜੋ ਸਮੱਸਿਆ ਦਾ ਪੱਕਾ ਹੱਲ ਕੱਢ ਸਕੇ। ਲੋਕਾਂ ਨੇ ਕਿਹਾ ਕਿ ਉਹ ਛੋਟੀ ਪਾਈਪਲਾਈਨ ਨਹੀਂ ਪਾਉਣ ਦੇਣਗੇ। ਵਿਰੋਧ ਦੇਖ ਕੇ ਨਗਰ ਨਿਗਮ ਦੀ ਟੀਮ ਨੇ ਕੰਮ ਬੰਦ ਕੀਤਾ ਤੇ ਵਾਪਸ ਚਲੀ ਗਈ।

ਮੁਹੱਲਾ ਵਾਸੀ ਗੀਤਾ ਰਾਣੀ, ਰਾਜਿੰਦਰ ਕੌਰ, ਗੁਰਮੀਤ ਕੌਰ, ਗੌਰਵ, ਰਾਕੇਸ਼ ਤੇ ਸੋਨੂੰ ਨੇ ਕਿਹਾ ਕਿ ਇਲਾਕੇ 'ਚ ਪਹਿਲਾਂ ਹੀ ਸੀਵਰੇਜ ਦੀ ਪ੍ਰੌਬਲਮ ਬਣੀ ਰਹਿੰਦੀ ਹੈ ਤੇ ਜੇਕਰ ਹੁਣ ਛੋਟੀ ਪਾਈਪ ਲਾਈਨ ਪਾਈ ਜਾਵੇਗੀ ਤਾਂ ਅਗਲੇ ਸਾਲਾਂ 'ਚ ਇਹ ਸਮੱਸਿਆ ਬਣੀ ਰਹੇਗੀ।

Posted By: Seema Anand