ਜਾਗਰਣ ਸੰਵਾਦਦਾਤਾ, ਜਲੰਧਰ : ਵਾਤਾਵਰਨ ਦੀ ਸਾਂਭ-ਸੰਭਾਲ ਲਈ ਸ਼ਹਿਰ 'ਚ ਗ੍ਰੀਨ ਏਰੀਆ ਚਾਹੀਦੈ ਪਰ ਨਗਰ ਨਿਗਮ ਆਪਣੀਆਂ ਪਾਰਕਾਂ ਤਕ ਨੂੰ ਵਿਕਸਿਤ ਨਹੀਂ ਕਰ ਰਿਹਾ। ਸ਼ਹਿਰ ਦੀਆਂ ਪਾਰਕਾਂ ਆਪਣੇ ਹਾਲ 'ਤੇ ਹੰਝੂ ਵਹਾ ਰਹੀਆਂ ਹਨ। ਸ਼ਹਿਰ 'ਚ 15 ਫ਼ੀਸਦੀ ਗ੍ਰੀਨ ਏਰੀਆ ਹੋਣਾ ਚਾਹੀਦਾ ਪਰ ਫਿਲਹਾਲ ਇਹ 6 ਤੋਂ 7 ਫ਼ੀਸਦੀ ਦੀ ਹੈ। ਇਸ 6-7 ਫ਼ੀਸਦੀ ਦੀ ਵੀ ਨਿਗਮ ਸਾਂਭ-ਸੰਭਾਲ ਨਹੀਂ ਕਰ ਕਰ ਸਕਿਆ। ਨਿਗਮ ਦੀ ਹੱਦ 'ਚ ਕਰੀਬ 500 ਪਾਰਕਾਂ ਹਨ। ਸਿਰਫ ਉਥੇ ਪਾਰਕ ਵਿਕਸਿਤ ਹਨ ਜੋ ਵੈੱਲਫੇਅਰ ਸੁਸਾਇਟੀਜ਼ ਸੰਭਾਲ ਰਹੀਆਂ ਹਨ। ਨਿਗਮ ਖੁਦ 175 ਦੇ ਕਰੀਬ ਪਾਰਕਾਂ ਸੰਭਾਲ ਰਿਹਾ ਹੈ। ਇਨ੍ਹਾਂ ਦੇ ਹਾਲਾਤ ਠੀਕ-ਠੀਕ ਹੈ। ਜੋ ਪਾਰਕਾਂ ਸੁਸਾਇਟੀਜ਼ ਦੇ ਜ਼ਿੰਮੇ ਹਨ ਉਹ ਸ਼ਾਨਦਾਰ ਹਨ। ਮਾਡਲ ਟਾਊਨ, ਜੇਪੀ ਨਗਰ, ਲਾਜਪਤ ਨਗਰ, ਨਿਊ ਜਵਾਹਰ ਨਗਰ ਦੇ ਪਾਰਕ ਇਸ ਦੀ ਮਿਸਾਲ ਹਨ। ਨਿਗਮ ਕੋਲ ਇੰਨਾ ਸਟਾਫ ਹੀ ਨਹੀਂ ਹੈ ਕਿ ਉਹ ਪਾਰਕਾਂ ਨੂੰ ਸੰਭਾਲ ਸਕਣ। ਗਿਣਤੀ ਦੇ ਮਾਲੀ ਕੰਮ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ ਕਾਫੀ ਮਾਲੀ ਤਾਂ ਨਿਗਮ ਅਫਸਰਾਂ ਦੀਆਂ ਕੋਠੀਆਂ 'ਚ ਗ੍ਰੀਨ ਏਰੀਆ ਸੰਭਾਲ ਰਹੇ ਹਨ। ਕੁਝ ਜਗ੍ਹਾ ਸੈਂਟਰਲ ਵਰਜ 'ਤੇ ਵੀ ਨਿਗਮ ਦੇ ਮਾਲੀ ਕੰਮ ਕਰ ਰਹੇ ਹਨ ਕਿਉਂਕਿ ਸੈਂਟਰਲ ਵਰਜ ਮੇਨ ਰੋਡ 'ਤੇ ਹੀ ਹਨ ਤੇ ਇਨ੍ਹਾਂ ਦੀ ਪਬਲਿਕ ਵਿਜ਼ੀਬਿਲਟੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਹੋ ਜਾਂਦਾ ਹੈ। ਨਿਗਮ ਦਾ ਹਾਰਟੀਕਲਚਰ ਡਿਪਾਰਟਮੈਂਟ ਸਟਾਫ ਦੀ ਕਮੀ ਝੱਲ ਰਿਹਾ ਹੈ। ਪਹਿਲਾਂ ਲੈਂਡ ਸਕੇਪ ਅਫਸਰ ਕੋਲ ਬ੍ਾਂਚ ਦੀ ਜ਼ਿੰਮੇਵਾਰੀ ਸੀ। ਉਸ ਦੀ ਸੇਵਾਮੁਕਤ ਹੋਣ ਤੋਂ ਬਾਅਦ ਇਹ ਜ਼ਿੰਮੇਵਾਰੀ ਬੀਐਂਡਆਰ ਦੇ ਐਕਸੀਅਨ ਜਗਨ ਨਾਥ ਕੋਲ ਆ ਗਈ। ਸਟਾਫ ਦੇ ਨਾਂ 'ਤੇ ਐੱਸਡੀਓ ਓਂਕਾਰ ਨਾਥ ਤੇ ਇਕ ਰਿਕਾਰਡ ਕੀਪਰ-ਕਮ-ਕਲਰਕ ਹੈ। ਬਾਗ਼ਬਾਨੀ ਬ੍ਾਂਚ ਨੂੰ ਦੋਇਮ ਦਰਜੇ ਦੀ ਬ੍ਾਂਚ ਸਮਿਝਆ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਮੇਅਰ ਤੇ ਨਿਗਮ ਕਮਿਸ਼ਨਰ ਗੰਭੀਰ ਨਹੀਂ ਹਨ।

---

ਨਿਗਮ ਕੋਲ ਸਿਰਫ 98 ਮਾਲੀ, ਚਾਹੀਦੈ 500

ਨਿਗਮ ਕੋਲ ਪੱਕੇ ਮਾਲੀਆਂ ਦੀ ਗਿਣਤੀ 58 ਹੈ ਤੇ 40 ਮਾਲੀ ਆਊਟਸੋਰਸ 'ਤੇ ਰੱਖੇ ਗਏ ਹਨ। ਐੱਸਡੀਓ ਓਂਕਾਰ ਨਾਥ ਦਾ ਕਹਿਣਾ ਹੈ ਕਿ ਕਈ ਪਾਰਕ ਵੱਡੇ ਹਨ ਤੇ ਉਥੇ 2 ਮਾਲੀ ਹੋਣੇ ਚਾਹੀਦੇ ਹਨ ਤੇ ਉਥੇ 2 ਛੋਟੇ ਪਾਰਕਾਂ ਨੂੰ ਇਕ ਮਾਲੀ ਵੀ ਸੰਭਾਲ ਸਕਦਾ ਹੈ। ਸ਼ਹਿਰ ਦੇ ਪਾਰਕ, ਗ੍ਰੀਨ ਬੈਲਟ, ਸੈਂਟਰਲ ਵਰਜ ਦੇ ਰੱਖ-ਰਖਾਅ ਲਈ 500 ਮਾਲੀਆਂ ਦੀ ਜ਼ਰੂਰਤ ਹੈ। ਮਾਲੀ ਰੱਖਣ ਦੀ ਤਜਵੀਜ਼ ਹਾਊਸ 'ਚ ਪਾਸ ਕੀਤੀ ਗਈ ਹੈ ਪਰ ਯੂਨੀਅਨ ਪੱਕੀ ਭਰਤੀ ਦੀ ਮੰਗ ਕਰ ਰਹੀ ਹੈ ਤਾਂ ਸਰਕਾਰ ਆਊਟਸੋਰਸ 'ਤੇ ਹੀ ਮਾਲੀ ਰੱਖਣ ਦੇ ਫੈਸਲੇ 'ਤੇ ਅੜੀ ਹੈ। ਜਿਨ੍ਹਾਂ ਪਾਰਕਾਂ ਨੂੰ ਸੁਸਾਇਟੀਆਂ ਸੰਭਾਲ ਰਹੀਆਂ ਹਨ ਉਨ੍ਹਾਂ ਨੂੰ ਏਰੀਏ ਮੁਤਾਬਕ ਖਰਚਾ ਦਿੱਤਾ ਜਾ ਰਿਹਾ ਹੈ।

---

ਦੋ ਪਾਰਕਾਂ 'ਤੇ ਸਮਾਰਟ ਸਿਟੀ ਪ੍ਰਰਾਜੈਕਟ ਦੇ 71 ਲੱਖ ਖ਼ਰਚੇ, ਹੁਣ ਹਾਲਾਤ ਛੱਪੜ ਵਰਗੇ

ਪਾਰਕਾਂ ਦੀ ਸੰਭਾਲਣ ਲਈ ਸਮਾਰਟ ਸਿਟੀ ਕੰਪਨੀ ਦੇ ਫੰਡ 'ਚੋਂ ਵੀ ਕਰੋੜਾਂ ਰੁਪਏ ਦੇ ਕੰਮ ਕਰਵਾਏ ਗਏ ਹਨ। ਕਰੀਬ 20 ਤੋਂ 25 ਪਾਰਕ ਅਜਿਹੇ ਹਨ ਜਿਥੇ ਕਰੋੜਾਂ ਰੁਪਏ ਖਰਚੇ ਗਏ ਹਨ। ਇਨ੍ਹਾਂ ਵਿਚੋਂ ਟੋਬੜੀ ਮੁਹੱਲਾ ਤੇ ਬੂਟਾ ਮੰਡੀ ਦੇ ਡਾ. ਬੀ.ਆਰ.ਅੰਬੇਡਕਰ ਪਾਰਕ 'ਤੇ ਸਮਾਰਟ ਸਿਟੀ ਕੰਪਨੀ ਨੇ 71 ਲੱਖ ਰੁਪਏ ਖਰਚੇ ਹਨ। ਟੋਬੜੀ ਪਾਰਕ ਦੀ ਹਾਲਤ ਤਾਂ ਛੱਪੜ ਵਰਗੀ ਨਜ਼ਰ ਆਉਂਦੀ ਹੈ। ਇਸ ਪਾਰਕ 'ਤੇ 42 ਲੱਖ ਖਰਚੇ ਗਏ ਹਨ ਪਰ ਨਾ ਤਾਂ ਗ੍ਰੀਨ ਏਰੀਆ ਹੈ ਤੇ ਨਾ ਹੀ ਬੇਸਿਕ ਇਨਫ੍ਰਾਸਟ੍ਕਚਰ ਡਿਵੈੱਲਪ ਕੀਤਾ ਗਿਆ ਹੈ। 42 ਲੱਖ ਖਰਚਣ ਤੋਂ ਪਹਿਲਾਂ ਵੀ ਇਥੇ ਛੱਪੜ ਬਣਿਆ ਹੋਇਆ ਸੀ ਹੁਣ ਵੀ ਅਜਿਹੇ ਹਾਲਾਤ ਹਨ। ਡਾ.ਬੀ.ਆਰ.ਅੰਬੇਡਕਰ ਪਾਰਕ ਬੂਟਾ ਮੰਡੀ ਨੂੰ ਡਾ.ਬੀ.ਆਰ.ਅੰਬੇਡਕਰ ਪਾਰਕ ਵੈੱਲਫੇਅਰ ਸੁਸਾਇਟੀ ਸੰਭਾਲ ਰਹੀ ਸੀ। ਉਦੋਂ ਪਾਰਕ ਸ਼ਾਨਦਾਰ ਸੀ। ਜਦੋਂ ਸਮਾਰਟ ਸਿਟੀ ਕੰਪਨੀ ਦੇ 29 ਲੱਖ ਖਰਚੇ ਗਏ ਪਾਰਕ ਦੀ ਹਾਲਤ ਵਿਗੜ ਗਈ। ਸਮਾਰਟ ਸਿਟੀ ਕੰਪਨੀ ਦੇ ਠੇਕੇਦਾਰ ਨੇ ਪਾਰਕ ਦੀ ਸੰਭਾਲ ਸ਼ੁਰੂ ਕੀਤੀ ਪਰ ਹਾਲਾਤ ਵਿਗੜਦੇ ਗਏ ਤੇ ਸੁਸਾਇਟੀ ਨੇ ਇਸ ਦੀ ਸ਼ਿਕਾਇਤ ਮੇਅਰ ਨੂੰ ਕੀਤੀ। ਸੁਸਾਇਟੀ ਨੇ ਪਾਰਕ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਵਾਪਸ ਦੇਣ ਦੀ ਮੰਗ ਕੀਤੀ। ਕੰਮ 'ਚ ਗੜਬੜੀ ਦੇ ਦੋਸ਼ ਵੀ ਲਾਏ ਗਏ ਪਰ ਕੋਈ ਜਾਂਚ ਨਹੀਂ ਕੀਤੀ ਗਈ। ਕੌਂਸਲਰ ਪਵਨ ਕੁਮਾਰ ਨੇ ਵੀ ਲੋਕਾਂ ਦੀ ਮੰਗ ਨੂੰ ਜਾਇਜ਼ ਠਹਿਰਾਇਆ ਤੇ ਸਮਾਰਟ ਸਿਟੀ ਕੰਪਨੀ ਦੇ ਫੰਡ ਨੂੰ ਬਰਬਾਦ ਕਰਨ ਦੇ ਦੋਸ਼ ਲਾਏ।

---

ਮੌਨਸੂਨ 'ਚ ਛੇ ਹਜ਼ਾਰ ਬੂਟੇ ਲਾਏਗਾ ਨਿਗਮ

ਨਗਰ ਨਿਗਮ ਮੌਨਸੂਨ 'ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 6 ਹਜ਼ਾਰ ਬੂਟੇ ਲਾਏਗਾ। ਇਸ ਲਈ 120 ਫੁੱਟ ਰੋਡ, ਕਾਲਾ ਸੰਿਘਆ ਡ੍ਰੇਨ, ਮੁੱਖ ਸੜਕਾਂ ਦੇ ਕੰਢੇ, ਗ੍ਰੀਨ ਬੈਲਟ ਤੇ ਪਾਰਕਾਂ 'ਚ ਖਾਲੀ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਤੋਂ ਇਲਾਵਾ ਸੈਂਟਰਲ ਵਰਜ-ਡਿਵਾਈਡਰਾਂ 'ਤੇ ਬੂਟੇ ਲਾਏ ਜਾਣੇ ਹਨ। ਐੱਸਡੀਓ ਓਂਕਾਰ ਨਾਥ ਨੇ ਕਿਹਾ ਕਿ 120 ਫੁਟੀ ਰੋਡ 'ਤੇ ਬੂਟੇ ਲਾਉਣ ਲਈ ਟੋਏ ਪੁੱਟੇ ਗਏ ਹਨ ਤੇ ਮੌਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਬੂਟੇ ਲਾਉਣੇ ਸ਼ੁਰੂ ਕਰ ਦੇਣਗੇ।