ਜੇਐੱਨਐੱਨ, ਜਲੰਧਰ : ਕਾਂਗਰਸ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਵੱਲੋਂ ਮਾਂ ਭਗਵਤੀ ਦੀ ਤਸਵੀਰ ਦੇ ਸਾਹਮਣੇ ਜੁੱਤੇ ਪਹਿਨ ਕੇ ਜੋਤ ਜਗਾਉਣ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਹਿੰਦੂ ਸੰਗਠਨਾਂ ’ਚ ਦੇ ਭਾਰੀ ਰੋਸ ਪਿੱਛੋਂ ਸਾਂਸਦ ਨੇ ਦੇਰ ਸ਼ਾਮ ਫੇਸਬੁੱਕ ’ਤੇ ਇਕ ਪੋਸਟ ਸ਼ੇਅਰ ਕਰ ਕੇ ਮਾਫ਼ੀ ਮੰਗ ਲਈ ਹੈ। ਪਰ ਫਿਰ ਵੀ ਉਨ੍ਹਾਂ ਦਾ ਵਿਰੋਧ ਜਾਰੀ ਹੈ।

ਵੀਰਵਾਰ ਨੂੰ ਜਿੱਥੇ ਸ਼ਿਵਸੈਨਾ ਹਿੰਦ ਨੇ ਡੀਸੀਪੀ ਗੁਰਮੀਤ ਸਿੰਘ ਨੂੰ ਮੰਗ ਪੱਤਰ ਦੇ ਕੇ ਸਾਂਸਦ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ, ਉੱਥੇ ਸ਼ਿਵਸੈਨਾ ਸਮਾਜਵਾਦੀ ਵੱਲੋਂ ਸਾਂਸਦ ਦੀ ਕੋਠੀ ਦਾ ਘਿਰਾਓ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੀਐੱਸਐੱਨਐੱਲ ਵੱਲੋਂ ਜ਼ਿਲ੍ਹਾ ਦਫ਼ਤਰ ’ਚ ਹਿੰਦੀ ਦਿਵਸ ਸਮਾਰੋਹ ਕਰਵਾਇਆ ਗਿਆ ਸੀ। ਜਿਸ ’ਚ ਸਾਂਸਦ ਸੰਤੋਖ ਸਿੰਘ ਚੌਧਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਦੌਰਾਨ ਸਾਂਸਦ ਨੇ ਪੈਰਾਂ ’ਚ ਜੁੱਤੇ ਉਤਾਰੇ ਬਿਨਾਂ ਹੀ ਮਾਂ ਭਗਵਤੀ ਦੀ ਤਸਵੀਰ ਦੇ ਸਾਹਮਣੇ ਜੋਤ ਜਗਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਦਸਤਵੀਰ ਖ਼ੁਦ ਹੀ ਆਪਣੇ ਫੇਸਬੁੱਕ ਪੰਨੇ ’ਤੇ ਅਪਲੋਡ ਕਰ ਦਿੱਤੀ ਜੋ ਵੇਖਦੇ ਹੀ ਵੇਖਦੇ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਈ। ਸਾਂਸਦ ਨੇ ਕਿਹਾ ਕਿ ਜੇਕਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਉਹ ਮਾਫ਼ੀ ਮੰਗ ਚੁੱਕੇ ਹਨ।

24 ਘੰਟਿਆਂ ਦੇ ਅੰਦਰ ਦਰਜ ਹੋਵੇ ਮਾਮਲਾ

ਮਾਮਲੇ ਨੂੰ ਲੈ ਕੇ ਡੀਸੀਪੀ ਗੁਰਮੀਤ ਸਿੰਘ ਨੂੰ ਮੰਗ ਪੱਤਰ ਦੇਣ ਪਹੁੰਚੇ ਸ਼ਿਵਸੈਨਾ ਹਿੰਦ ਦੇ ਰਾਸ਼ਟਰੀ ਯੁਵਾ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ 24 ਘੰਟਿਆਂ ਅੰਦਰ ਸਾਂਸਦ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਂਸਦ ਵੱਲੋਂ ਅਜਿਹਾ ਕਰ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਨਾਲ ਪਹੁੰਚੇ ਭਗਵਾਨ ਪਰਸ਼ੂਰਾਮ ਸੇਵਾ ਸੰਘ ਦੇ ਰਾਸ਼ਟਰੀ ਪ੍ਰਧਾਨ ਕਮਲ ਦੇਵ ਜੋਸ਼ੀ ਨੇ ਕਿਹਾ ਕਿ ਸਾਂਸਦ ਵੱਲੋਂ ਮੰਗੀ ਗਈ ਮਾਫ਼ੀ ਨਾਲ ਉਹ ਸਹਿਮਤ ਨਹੀਂ ਹਨ। ਲਿਹਾਜ਼ਾ ਸੰਘਰਸ਼ ਜਾਰੀ ਰਹੇਗਾ।

Posted By: Jagjit Singh