ਜਤਿੰਦਰ ਪੰਮੀ, ਜਲੰਧਰ : ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਜਦੋਂ ਤੋਂ ਹੋਂਦ ਵਿਚ ਆਈ ਹੈ,ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਸਰਕਟ ਹਾਊਸ ’ਚ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਣਦੇ ਟੈਕਸਾਂ ਦਾ ਹਿੱਸਾ ਦੇਣ ਤੋਂ ਇਲਾਵਾ ਖੇਤੀ ਬਿੱਲ ਲਿਆ ਕੇ ਦੇਸ਼ ਦੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਹੈ। ਇਹ ਸਰਕਾਰ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹੈ ਤੇ ਹਾਲੇ ਤਕ ਕੋਈ ਵੀ ਫੈਸਲਾ ਪੰਜਾਬ ਪੱਖੀ ਨਹੀਂ ਕੀਤਾ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਗਰੀਬੀ ਦਰ ਵਧੀ ਹੈ ਅਤੇ ਦੇਸ਼ ਦੇ 7 ਕਰੋੜ ਪਰਿਵਾਰਾਂ ਦੇ 35 ਕਰੋੜ ਤੋਂ ਵੱਧ ਲੋਕ ਮਨਰੇਗਾ ’ਤੇ ਨਿਰਭਰ ਹਨ। ਮੌਜੂਦਾ ਸਾਲ 2021 ’ਚ ਪਹਿਲੀ ਵਾਰ ਵੱਡੀ ਤਾਦਾਦ ’ਚ ਲੋਕ ਆਪਣੇ ਗੁਜ਼ਰ ਵਾਸਤੇ ਮਨਰੇਗਾ ’ਤੇ ਨਿਰਭਰ ਹੋ ਗਏ ਹਨ ਅਤੇ 7 ਕਰੋੜ ਪਰਿਵਾਰ 200 ਰੁਪਏ ਦਿਹਾੜੀ ’ਤੇ ਆਪਣਾ ਜੀਵਨ ਬਸਰ ਕਰ ਰਹੇ ਹਨ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਕਾਂਗਰਸ ਦੀ ਸਰਕਾਰ ਵੇਲੇ 2004 ਤੋਂ 2014 ’ਚ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉਪਰ ਚੁੱਕਿਆ ਸੀ ਪਰ ਹੁਣ ਫਿਰ

23 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ ਹਨ। ਪਿਛਲੇ ਦੋ ਸਾਲਾਂ ਦੌਰਾਨ ਸਭ ਤੋਂ ਵੱਧ ਲੋਕ ਗਰੀਬੀ ਦੀ ਮਾਰ ਹੇਠ ਆਏ ਹਨ ਪਰ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਇਸ ਦੇ ਉਲਟ ਸਰਕਾਰ ਨੇ ਪੈਟਰੋਲੀਅਮ ਵਸਤਾਂ ਦੀਆ ਕੀਮਤਾਂ ਧੜਾਧੜ ਵਧਾ ਕੇ 25 ਲੱਖ ਕਰੋੜ ਰੁਪਿਆ ਬਤੌਰ ਟੈਕਸ ਇਕੱਠਾ ਕੀਤਾ ਹੈ। ਇਸ ’ਚੋਂ 68 ਫੀਸਦੀ ਰਾਸ਼ੀ ਸੈੱਸ ਲਾ ਕੇ ਇਕੱਠੀ ਕੀਤੀ ਗਈ ਹੈ, ਜਿਸ ’ਚੋਂ ਸੂਬਿਆ ਨੂੰ ਦਿੱਤੀ ਜਾਣੀ ਹੁੰਦੀ ਹੈ ਪਰ ਭਾਜਪਾ ਸਰਕਾਰ ਨੇ ਉਹ ਰਾਸ਼ੀ ਵੀ ਦੱਬੀ ਹੋਈ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸੰਕਟ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੇ ਸੂਬੇ ਦੇ ਲੋਕਾਂ ਨੂੰ ਇਨ੍ਹਾਂ ਚੁਣੌਤੀਆ ਦੌਰਾਨ ਸੰਭਾਲਿਆ ਹੈ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੇ ਕੋਰੋਨਾ ਦੀ ਚੁਣੌਤੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਜਿੱਠਿਆ ਹੈ। ਪਾਕਿਸਤਾਨ ਤੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੀ ਚੁਣੌਤੀ ’ਚੋਂ ਪੰਜਾਬ ਦੀ ਸਰਕਾਰ ਨੇ ਕੱਢਿਆ ਹੈ। ਅਗਲੀਆ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਭਾਰਤ ਨੇ ਚਾਹਿਆ ਤਾਂ ਜਨਵਰੀ ਦੇ ਅਖੀਰ ’ਚ ਪੰਜਾਬ ਵਿਧਾਨ ਸਭਾ ਦੀਆ ਵੋਟਾਂ ਪੈ ਜਾਣਗੀਆ। ਪੰਜਾਬ ਦੀ ਕਾਂਗਰਸ ਸਰਕਾਰ ਨੇ ਕਈ ਵਾਅਦੇ ਪੂਰੇ ਕੀਤੇ ਗਏ ਹਨ ਪਰ ਕੁਝ ਵਾਅਦੇ ਪੂਰੀ ਤਰ੍ਹਾਂ ਪੂਰੇ ਨਹੀਂ ਹੋ ਸਕੇ। ਫਿਰ ਵੀ ਅਗਲੀਆ ਚੋਣਾਂ ’ਚ ਪੰਜਾਬ ਦੇ ਲੋਕ ਇਸ ਗੱਲ ਨੂੰ ਮੁੱਖ ਰੱਖ ਕੇ ਫੈਸਲਾ ਕਰਨ ਕਿ ਆਰਥਿਕ ਵਿਕਾਸ ਕਿਹੜੀ ਪਾਰਟੀ ਨੇ ਕੀਤਾ ਹੈ। ਪੰਜਾਬ ਦੇ ਭਵਿੱਖ ਲਈ ਕਾਂਗਰਸ ਨੂੰ ਇਕ ਮੌਕਾ ਹੋਰ ਦੇਣਾ ਚਾਹੀਦਾ ਹੈ।

Posted By: Tejinder Thind