ਪੰਜਾਬੀ ਜਾਗਰਣ ਕੇਂਦਰ, ਜਲੰਧਰ : ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਸੂਬੇ ਵਿਚ ਖੇਡਾਂ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦਾ ਸੱਦਾ ਦਿੱਤਾ। ਸੰਸਦ ਮੈਂਬਰ ਨਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਗਜੀਤ ਸਿੰਘ ਸਰੋਆ ਵੀ ਮੌਜੂਦ ਸਨ, ਵੱਲੋਂ ਪਿੰਡ ਵਰਿਆਣਾ ਵਿਖੇ ਜਗਜੀਤ ਕੁਸ਼ਤੀ ਅਕੈਡਮੀ ਵਿਚ ਨਵੇਂ ਬਣੇ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ।

ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਇਹ ਇਕ ਸ਼ਲਾਘਾਯੋਗ ਕਦਮ ਹੈ, ਜੋ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਵਿਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਸੂਬੇ ਵਿਚੋਂ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋ ਸਕਣ।

ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਜਗਜੀਤ ਸਿੰਘ ਸਰੋਆ ਦੀ ਇਸ ਪਹਿਲਕਦਮੀ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਅਤੇ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਨਾਲ ਜੁੜਨ ਲਈ ਪੇ੍ਰਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਚੌਧਰੀ ਸੁਰਿੰਦਰ ਸਿੰਘ ਨੇ ਇਸ ਅਕੈਡਮੀ ਨੂੰ ਮੁਫ਼ਤ ਚਲਾਉਣ ਲਈ ਏਡੀਸੀਪੀ ਦੀ ਸ਼ਲਾਘਾ ਵੀ ਕੀਤੀ। ਏਡੀਸੀਪੀ ਨੇ ਅਕੈਡਮੀ ਦਾ ਦੌਰਾ ਕਰਨ ਲਈ ਸੰਸਦ ਮੈਂਬਰ ਅਤੇ ਵਿਧਾਇਕ ਦਾ ਧੰਨਵਾਦ ਕੀਤਾ। ਉਨ੍ਹਾਂ ਅਕੈਡਮੀ ਦੇ ਕੰਮਕਾਜ ਬਾਰੇ ਪਤਵੰਤਿਆਂ ਨੂੰ ਜਾਣੂ ਵੀ ਕਰਵਾਇਆ।