ਪਿ੍ਰਤਪਾਲ ਸਿੰਘ ਸ਼ਾਹਕੋਟ : ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਮੀਏਂਵਾਲ ਅਰਾਈਆਂ (ਸ਼ਾਹਕੋਟ) ਵਿਖੇ ਮੌਕ ਡਰਿੱਲ ਕਰਵਾਈ ਗਈ ਇਸ ਮੌਕ ਡਰਿਲ ਦੌਰਾਨ ਫਾਇਰ ਬਿ੍ਗੇਡ ਤੇ ਟਰੈਕਟਰ ਅਪਰੇਟਿਡ ਸਪਰੇਅ ਪੰਪਾਂ ਰਾਹੀਂ ਬੂਟਿਆਂ ਤੇ ਦਰੱਖਤਾਂ 'ਤੇ ਸਪਰੇਅ ਕਰਕੇ ਟਿੱਡੀ ਦਲ ਤੋਂ ਬਚਾਅ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ ਸਿਰਫ ਸੁਚੇਤ ਰਹਿਣ ਦੀ ਲੋੜ ਹੈ ਟਿੱਡੀ ਦਲ ਸ਼ਾਮ ਢਲੇ ਖੇਤਾਂ ਵਿੱਚ ਜਾਂ ਉੱਚੇ ਦਰੱਖਤਾਂ 'ਤੇ ਬੈਠ ਜਾਂਦਾ ਹੈ ਤੇ ਅਗਲੇ ਦਿਨ ਸੂਰਜ ਚੜਨ ਸਮੇਂ ਤੱਕ ਬੈਠਾ ਰਹਿੰਦਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਦੀ ਰੋਕਥਾਮ ਮੁਹਿੰਮ ਵਿੱਚ ਸਰਕਾਰ ਦੇ ਨਾਲ-ਨਾਲ ਕਿਸਾਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਵੱਲੋਂ ਦਿਨ ਸਮੇਂ ਖੜਾਕ ਕਰ ਕੇ, ਪਟਾਕੇ ਚਲਾ ਕੇ ਢੋਲ ਵਜਾ ਕੇ, ਪੀਪੇ ਜਾਂ ਭਾਂਡੇ ਖੜਕਾ ਕੇ, ਉੱਚੀ ਆਵਾਜ਼ ਵਿੱਚ ਖੇਤਾਂ ਵਿੱਚ ਸਪੀਕਰਾਂ ਰਾਹੀਂ ਸ਼ੋਰ ਮਚਾ ਕੇ, ਟਿੱਡੀ ਦਲ ਨੂੰ ਫਸਲਾਂ 'ਤੇ ਬੈਠਣ ਤੋਂ ਰੋਕਿਆ ਜਾਵੇ ਤਾਂ ਜੋ ਇਹ ਫਸਲਾਂ ਦਾ ਨੁਕਸਾਨ ਨਾ ਕਰ ਸਕੇ ਖੇਤੀਬਾੜੀ ਅਫਸਰ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਟਿੱਡੀ ਦਲ ਦੇ ਸ਼ਾਮ ਸਮੇਂ ਬੈਠਣ ਉਪਰੰਤ ਇਸ ਦੇ ਕੰਟਰੋਲ ਲਈ ਉਸੇ ਸਮੇਂ ਖੇਤੀਬਾੜੀ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਸਪਰੇਅ ਕਰਨ ਹਿੱਤ ਮੁਹਿੰਮ ਚਲਾਈ ਜਾਵੇਗੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਪਰੇਅ ਪੰਪਾਂ ਸਮੇਤ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਤਿਆਰ ਰਹਿਣ ਅਤੇ ਪਾਣੀ ਲਈ ਆਪਣੇ ਆਪਣੇ ਟਿਊਬਵੈਲਾਂ ਤੇ ਪ੍ਰਬੰਧ ਕਰਨ ਤਾਂ ਜੋ ਕੀੜੇਮਾਰ ਦਵਾਈ ਦੀ ਸਪਰੇਅ ਕਰਕੇ ਟਿੱਡੀ ਦਲ ਤੋਂ ਬਚਾਅ ਕੀਤਾ ਜਾ ਸਕੇ। ਤਹਿਸੀਲਦਾਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਟਿੱਡੀ ਦਲ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦਵਾਈਆਂ ਦਾ ਪ੍ਰਬੰਧ ਬਲਾਕ ਖੇਤੀਬਾੜੀ ਅਫਸਰ ਵਲੋਂ ਕਰ ਲਿਆ ਗਿਆ ਹੈ ਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਮਨਿੰਦਰ ਸਿੰਘ ਜਿਲ੍ਹਾ ਪ੍ਰਸਾਰ ਮਾਹਿਰ (ਸ.ਮ.) ਜਲੰਧਰ ਨੇ ਕਿਹਾ ਕੇ ਟਿੱਡੀ ਦਲ ਕਰੋੜਾਂ ਦੀ ਗਿਣਤੀ ਵਿੱਚ ਇਕੱਠੇ ਝੁੰਡਾਂ ਦੀ ਸ਼ਕਲ ਵਿੱਚ ਆਉਂਦਾ ਹੈ ਤੇ ਇਸ ਨੂੰ ਖਤਮ ਕਰਨ ਵਾਸਤੇ ਬੜੇ ਸੁੱਚਜੇ ਅਤੇ ਤਕਨੀਕੀ ਢੰਗ ਨਾਲ ਸਪਰੇਅ ਕਰਨ ਦੀ ਜਰੂਰਤ ਹੁੰਦੀ ਹੈ।

ਡਾ. ਸੰਜੀਵ ਕਟਾਰੀਆ ਵਿਗਿਆਨੀ ਜ਼ਿਲ੍ਹਾ ਪ੍ਰਸਾਰ ਮਾਹਿਰ ਜਲੰਧਰ ਨੇ ਦੱਸਿਆ ਕਿ ਟਿੱਡੀਆਂ ਜਮੀਨ ਦੇ ਹੇਠਾਂ ਰੇਤਲੀਆਂ ਥਾਵਾਂ ਤੇ ਇੱਕਠੇ ਆਂਡੇ ਦਿੰਦੀਆਂ ਹਨ ਤੇ ਆਂਡਿਆਂ 'ਚੋ 14 ਦਿਨਾਂ ਬਾਅਦ ਬੱਚੇ ਕੀੜੇ ਨਿਕਲਦੇ ਹਨ ਜੋ ਕਿ ਜਮੀਨ ਤੇ ਰੇਂਗਦੇ ਹੋਏ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ।

ਬਲਾਕ ਸੰਮਤੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਬੂਟਾ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਮਨਪ੍ਰਰੀਤ ਸਿੰਘ ਬੀਟੀਐੱਮ, ਡਾ. ਜਸਵੀਰ ਸਿੰਘ ਖੇਤੀਬਾੜੀ ਅਫਸਰ ਸ਼ਾਹਕੋਟ, ਜਰਨੈਲ ਸਿੰਘ, ਜਗਦੀਪ ਸਿੰਘ, ਗੁਰਮੇਲ ਸਿੰਘ ਸਰਪੰਚ, ਸਾਧੂ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਪਿੰਡ ਦੇ ਕਿਸਾਨ ਮੌਜੂਦ ਸਨ।