ਸਾਹਿਲ ਸ਼ਰਮਾ, ਨਕੋਦਰ : ਮਹਿਤਪੁਰ ਰੋਡ ਪੈਟਰੋਲ ਪੰਪ ਨੇੜੇ ਸ਼ਨਿਚਰਵਾਰ ਤਿੰਨ ਨੌਜਵਾਨਾਂ ਵੱਲੋਂ ਤੇਜ਼ ਹਥਿਆਰਾਂ ਦੀ ਨੋਕ 'ਤੇ ਸਿੱਧਵਾਂ ਬੇਟ ਵਾਸੀ ਉੱਤਮ ਲਾਲ ਕੋਲੋਂ ਮੋਟਰਸਾਈਕਲ ਖੋਹਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਤਿੰਨ ਨੌਜਵਾਨ ਮਹਿਤਪੁਰ ਰੋਡ 'ਤੇ ਪੈਟਰੋਲ ਪੰਪ ਨੇੜੇ ਰਸਤਾ ਪੁੱਛਣ ਦੇ ਬਹਾਨੇ ਇਕ ਮੋਟਰਸਾਈਕਲ ਸਵਾਰ ਉੱਤਮ ਲਾਲ ਪੁੱਤਰ ਜਗਦੇਵ ਲਾਲ ਵਾਸੀ ਸਿੱਧਵਾਂ ਬੇਟ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਉਸ ਦਾ ਮੋਟਰਸਾਈਕਲ ਖੋਹ ਲਿਆ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕਰਦੇ ਹੋਏ ਰੇੜਵਾ ਚੌਕ ਕੋਲ ਤਿੰਨਾਂ ਮੁਲਜ਼ਮਾਂ ਕੁਲਦੀਪ ਸਿੰਘ ਵਾਸੀ ਨਵਾਂ ਰਜਾਪੁਰ, ਸਨੀ ਸਰਕਪੁਰ ਤੇ ਬਲਜਿੰਦਰ ਸਿੰਘ ਬਾਗੀਵਾਲ ਮਹਿਤਪੁਰ ਰੋਡ ਨੂੰ ਕਾਬੂ ਕਰ ਲਿਆ ਹੈ।