ਵਪਾਰ ਸਮਝੌਤੇ ਖ਼ਿਲਾਫ਼ ਮੋਟਰਸਾਈਕਲ ਰੈਲੀ 15 ਨੂੰ : ਪੰਨੂ ਵਪਾਰ ਸਮਝੌਤੇ ਖ਼ਿਲਾਫ਼ 15 ਨੂੰ ਜਲੰਧਰ ਵਿਖੇ ਨਿਕਲੇਗੀ ਮੋਟਰਸਾਈਕਲ ਰੈਲੀ: ਸਤਨਾਮ ਸਿੰਘ ਪੰਨੂ
Publish Date: Wed, 08 Jul 2026 07:02 PM (IST)
Updated Date: Wed, 08 Jul 2026 07:03 PM (IST)
-21 ਨੂੰ ਦਿੱਲੀ ਦੇ ਕਿਸਾਨ ਘਾਟ ਸੰਮੇਲਨ ਵਿੱਚ ਸੈਂਕੜੇ ਕਿਸਾਨ-ਮਜ਼ਦੂਰ ਕਰਨਗੇ ਸ਼ਮੂਲੀਅਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੀ ਇੱਕ ਮੀਟਿੰਗ ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਜ਼ੋਨ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਦੇ ਗ੍ਰਹਿ ’ਚ ਹੋਈ। ਇਸ ਮੀਟਿੰਗ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਭੱਖਦੇ ਮਸਲਿਆਂ ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਆਉਣ ਵਾਲੇ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਹੇਠ ਦੇਸ਼ ਵਿਆਪੀ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਲਈ ਬਹੁਤ ਮਾਰੂ ਸਾਬਤ ਹੋਵੇਗਾ। ਜੇਕ ਇਹ ਸਮਝੌਤਾ ਲਾਗੂ ਹੁੰਦਾ ਹੈ ਤਾਂ ਭਵਿੱਖ ਵਿੱਚ ਇਸ ਦੇ ਬਹੁਤ ਭਿਆਨਕ ਨਤੀਜੇ ਭੁਗਤਣੇ ਪੈਣਗੇ। ਪੰਨੂ ਨੇ ਅੱਗੇ ਦੱਸਿਆ ਕਿ ਇਸ ਘਾਤਕ ਵਪਾਰ ਸਮਝੌਤੇ ਨੂੰ ਰੱਦ ਕਰਵਾਉਣ, ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਵਾਉਣ, ਫ਼ਸਲਾਂ ਤੇ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਤੇ ਦੇਸ਼ ਭਰ ਵਿੱਚ ਜਲ ਪ੍ਰਬੰਧਨ ਤੇ ਵਾਤਾਵਰਨ ਨੂੰ ਬਚਾਉਣ ਵਰਗੇ ਅਹਿਮ ਮੁੱਦਿਆਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਜੁਲਾਈ ਨੂੰ ਜ਼ਿਲ੍ਹਾ ਜਲੰਧਰ ’ਚ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। ਇਸ ਰੈਲੀ ’ਚ ਹਰ ਵਰਗ ਦੇ ਲੋਕ ਤੇ ਸੈਂਕੜੇ ਕਿਸਾਨ-ਮਜ਼ਦੂਰ ਸ਼ਮੂਲੀਅਤ ਕਰਕੇ ਸਰਕਾਰ ਤੱਕ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 21 ਜੁਲਾਈ ਨੂੰ ਦਿੱਲੀ ਦੇ ਕਿਸਾਨ ਘਾਟ ’ਚ ਹੋ ਰਹੇ ਲੱਖਾਂ ਕਿਸਾਨਾਂ ਦੇ ਦੇਸ਼ ਵਿਆਪੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਲੰਧਰ ਤੇ ਸ਼ਾਹਕੋਟ ਇਲਾਕੇ ਤੋਂ ਸੈਂਕੜੇ ਕਿਸਾਨਾਂ-ਮਜ਼ਦੂਰਾਂ ਦਾ ਜਥਾ ਰਵਾਨਾ ਹੋਵੇਗਾ ਤੇ ਇਸ ਸੰਮੇਲਨ ਨੂੰ ਇਤਿਹਾਸਕ ਤੌਰ ਤੇ ਕਾਮਯਾਬ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜ਼ੋਨ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਜ਼ੋਨ ਪ੍ਰਧਾਨ ਬਲਰਾਜ ਸਿੰਘ ਚੱਕ ਬਾਹਮਣੀਆਂ, ਲਵਪ੍ਰੀਤ ਸਿੰਘ ਕੋਟਲੀ ਗਾਜਰਾਂ, ਸ਼ੇਰ ਸਿੰਘ ਰਾਮੇ, ਕੁਲਦੀਪ ਸਿੰਘ ਜਾਣੀਆਂ, ਰਾਮ ਸਿੰਘ ਤਲਵੰਡੀ ਸੰਘੇੜਾ, ਧੰਨਾ ਸਿੰਘ ਸਰਪੰਚ, ਇਕਬਾਲ ਸਿੰਘ ਸੰਧੂ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।