ਅਵਤਾਰ ਰਾਣਾ, ਮੱਲ੍ਹੀਆਂ ਕਲਾਂ

ਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਸਹਿਮ ਵਿਖੇ ਬੀਤੀ ਰਾਤ ਸ਼ਾਤਿਰ ਚੋਰਾਂ ਨੇ ਕਿਸਾਨਾਂ ਦੀਆਂ ਮੋਟਰਾਂ 'ਤੇ ਧਾਵਾ ਬੋਲਦੇ ਹੋਏ ਤਿੰਨ ਚਾਰ ਮੋਟਰਾਂ ਤੋਂ ਸਟਾਰਟਰ ਤੇ ਤਾਰਾਂ ਚੋਰੀ ਕਰ ਲਈਆਂ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਤਲਵਿੰਦਰ ਸਿੰਘ ਕਿੰਦੂ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮੋਟਰ ਸਹਿਮ ਤੋਂ ਕੰਗ ਸਾਹਬੂ ਨੂੰ ਜਾਂਦੀ ਸੜਕ ਉਪਰ ਲੱਗੀ ਹੋਈ ਹੈ ਤੇ ਇਸਦੇ ਨਾਲ ਹੀ ਤਿੰਨ ਚਾਰ ਹੋਰ ਕਿਸਾਨਾਂ ਦੀਆਂ ਮੋਟਰਾਂ ਵੀ ਹਨ। ਬੀਤੀ ਰਾਤ ਚੋਰਾਂ ਨੇ ਇਨ੍ਹਾਂ ਮੋਟਰਾਂ ਉੱਪਰੋਂ ਸਟਾਰਟਰ ਤੇ ਤਾਰਾਂ ਚੋਰੀ ਕਰ ਲਈਆਂ। ਜਿਨ੍ਹਾਂ ਬਾਰੇ ਸਵੇਰੇ ਮੋਟਰ 'ਤੇ ਜਾਣ ਮਗਰੋਂ ਹੀ ਸਾਨੂੰ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਕ ਮਹੀਨਾ ਪਹਿਲਾਂ ਵੀ ਇੱਥੋਂ ਸਟਾਰਟਰ ਚੋਰੀ ਹੋਏ ਸਨ ਤੇ ਇਕ ਮਹੀਨੇ ਅੰਦਰ ਹੀ ਇਹ ਦੂਜੀ ਵਾਰਦਾਤ ਹੋ ਗਈ ਹੈ। ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਇਕ ਸਟਾਰਟਰ ਦੇ ਉੱਪਰ ਪੰਜ ਹਜ਼ਾਰ ਦਾ ਖ਼ਰਚਾ ਹੋ ਜਾਂਦਾ ਹੈ। ਕਿਸਾਨ ਪਹਿਲਾਂ ਹੀ ਮੁਸੀਬਤ ਵਿਚ ਹੈ, ਫ਼ਸਲਾਂ ਦੇ ਵਾਜ਼ਿਬ ਮੁੱਲ ਨਹੀਂ ਮਿਲ ਰਹੇ ਤੇ ਦੂਜਾ ਚੋਰਾਂ ਵੱਲੋਂ ਅਜਿਹੇ ਨੁਕਸਾਨ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪੁਲਿਸ ਨੂੰ ਰਾਤ ਦੀ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਕਿ ਚੋਰੀ ਦੀਆਂ ਵਾਰਦਾਤਾਂ ਨਾ ਹੋ ਸਕਣ। ਇਸ ਮੌਕੇ ਉਨ੍ਹਾਂ ਨਾਲ ਜਗੀਰ ਸਿੰਘ ਸਹਿਮ ਵੀ ਹਾਜ਼ਰ ਸਨ।