ਰਾਕੇਸ਼ ਗਾਂਧੀ, ਜਲੰਧਰ :

ਥਾਣਾ ਬਸਤੀ ਬਾਵਾ ਖੇਲ ਦੀ ਹੱਦ 'ਚ ਪੈਂਦੇ ਨਿਊ ਰਾਜ ਨਗਰ 'ਚ ਪਤੀ ਪਤਨੀ ਦੇ ਵਿਚਾਲੇ ਹੋਏ ਵਿਵਾਦ ਹੋਇਆ। ਵਿਵਾਦ ਇੰਨਾ ਵਧ ਗਿਆ ਕਿ ਪਤੀ ਨੇ ਆਪਣੇ ਪਤਨੀ ਨੂੰ ਕਿਹਾ ਕਿ ਜ਼ਹਿਰ ਖਾ ਲੈ। ਗੁੱਸੇ ਵਿਚ ਆਈ ਪਤਨੀ ਨੇ ਪਹਿਲੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਮਿਲਾ ਕੇ ਕੌਫ਼ੀ ਪਿਆਈ ਤੇ ਬਾਅਦ 'ਚ ਖੁਦ ਵੀ ਪੀ ਲਈ। ਤਿੰਨਾਂ ਦੀ ਹਾਲਤ ਖ਼ਰਾਬ ਹੋ ਗਈ। ਗੰਭੀਰ ਹਾਲਤ 'ਚ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਅੌਰਤ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਅੌਰਤ ਦੇ ਪਤੀ ਨੂੰ ਰਾਊਂਡਅਪ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੇਲਰਿੰਗ ਦਾ ਕੰਮ ਕਰਨ ਵਾਲੇ ਦਲੀਪ ਕੁਮਾਰ ਦੇ ਭਰਾ ਜਸਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਸ ਦੇ ਭਰਾ ਤੇ ਭਾਬੀ ਰੇਖਾ 'ਚ ਕਾਫੀ ਲੜਾਈ ਹੋ ਗਈ। ਦੋਵੇਂ ਜਣੇ ਦੇਰ ਰਾਤ ਤਕ ਵਿਵਾਦ ਕਰਦੇ ਰਹੇ। ਸ਼ਨਿਚਰਵਾਰ ਸਵੇਰੇ ਦਲੀਪ ਕੁਮਾਰ ਆਪਣੀ ਹਰਨਾਮਦਾਸਪੁਰਾ ਸਥਿਤ ਦੁਕਾਨ 'ਤੇ ਚਲਾ ਗਿਆ ਤੇ ਬਾਅਦ 'ਚ ਰੇਖਾ ਨੇ ਕੌਫ਼ੀ ਬਣਾ ਕੇ ਆਪਣੇ ਬੱਚਿਆਂ ਨੂੰ ਪਿਆਈ ਤੇ ਆਪ ਵੀ ਪੀਤੀ। ਇਸ ਮਗਰੋਂ ਤਿੰਨਾਂ ਦੀ ਹਾਲਤ ਖ਼ਰਾਬ ਹੋ ਗਈ। ਤਿੰਨਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਰੇਖਾ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਪੁੱਤਰ ਗੌਰਵ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਧੀ ਮੰਨਤ ਦਾ ਇਲਾਜ ਚੱਲ ਰਿਹਾ ਹੈ। ।ਘਟਨਾ ਦੀ ਸੂਚਨਾ ਤੋਂ ਬਾਅਦ ਏਐੱਸਆਈ ਸੁਖਦੇਵ ਸਿੰਘ ਮੌਕੇ 'ਤੇ ਪਹੁੰਚੇ ਅਤੇ ਦਲੀਪ ਕੁਮਾਰ ਨੂੰ ਰਾਊਂਡਅਪ ਕਰ ਲਿਆ। ਅਨੂਪ ਕੁਮਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਪਤੀ-ਪਤਨੀ ਵਿਚ ਵਿਵਾਦ ਦਾ ਕਾਰਨ ਇਹ ਸੀ ਕਿ ਅਨੂਪ ਕੁਮਾਰ ਆਪਣੀ ਪਤਨੀ ਉਪਰ ਸ਼ੱਕ ਕਰਦਾ ਸੀ ਤੇ ਕਿਸੇ ਨਾ ਕਿਸੇ ਨਾਲ ਇਸ ਦਾ ਨਾਂ ਜੋੜਦਾ ਰਹਿੰਦਾ ਸੀ ਜਿਸ ਕਾਰਨ ਉਨ੍ਹਾਂ ਦਾ ਵਿਵਾਦ ਹੁੰਦਾ ਰਹਿੰਦਾ ਸੀ। ਬੀਤੀ ਰਾਤ ਵਿਵਾਦ ਇਸੇ ਵਜ੍ਹਾ ਨਾਲ ਹੋਇਆ ਸੀ। ਮਾਮਲੇ ਦੇ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕ ਰੇਖਾ ਦੀ ਭੈਣ ਰੇਨੂ ਦੇ ਬਿਆਨਾਂ 'ਤੇ ਦਲੀਪ ਕੁਮਾਰ ਖਿਲਾਫ ਧਾਰਾ 306 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗਿ੍ਫ਼ਤਾਰ ਕਰ ਲਿਆ।

--

ਰੇਖਾ ਤੇ ਅਨੂਪ ਕੁਮਾਰ ਨੇ ਦੋ ਦਿਨ ਪਹਿਲਾਂ ਮਨਾਇਆ ਪੁੱਤਰ ਦਾ ਜਨਮ ਦਿਨ

ਸ਼ੁੱਕਰਵਾਰ ਨੂੰ ਬੱਚਿਆਂ ਸਮੇਤ ਜ਼ਹਿਰ ਖਾਣ ਵਾਲੀ ਰੇਖਾ ਨੇ ਆਪਣੇ ਪਤੀ ਅਨੂਪ ਨਾਲ ਆਪਣੇ ਪੁੱਤਰ ਗੌਰਵ ਦਾ ਜਨਮ ਮਨਾਇਆ ਸੀ। ਉਸ ਦਿਨ ਪੂਰੇ ਘਰ 'ਚ ਖੁਸ਼ੀਆਂ ਦਾ ਮਾਹੌਲ ਸੀ ਪਰ ਦੋ ਦਿਨ ਬਾਅਦ ਹੀ ਘਰ 'ਚ ਮਾਤਮ ਛਾ ਗਿਆ।