ਅਮਰਜੀਤ ਸਿੰਘ ਵੇਹਗਲ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ ਸਾਹਮਣੇ ਕਾਰ ਤੇ ਐਕਟਿਵਾ ਦੀ ਟੱਕਰ 'ਚ ਐਕਟਿਵਾ ਸਵਾਰ ਮਾਂ-ਧੀ ਜ਼ਖਮੀ ਹੋ ਗਈਆਂ। ਜ਼ਖਮੀ ਐਕਟਿਵਾ ਸਵਾਰ ਅੰਕਿਤਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਅਭਿਨੰਦਨ ਪਾਰਕ ਮਕਸੂਦਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਸਮੇਤ ਨਕੋਦਰ ਚੌਕ ਵਿਖੇ ਆਪਣੀ ਰਿਸ਼ਤੇਦਾਰ ਦੀ ਮੌਤ ਹੋਣ 'ਤੇ ਅਫਸੋਸ ਲਈ ਜਾ ਰਹੀਆਂ ਸਨ। ਜਿਵੇਂ ਹੀ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਪਹਿਲੇ ਗੇਟ ਨਜ਼ਦੀਕ ਪੁੱਜੀਆਂ ਤਾਂ ਮੰਡੀ ਅੰਦਰੋਂ ਲਾਲ ਰੰਗ ਦੀ ਆਲਟੋ ਕਾਰ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਤੇ ਉਸ ਦੀ ਮਾਂ ਸੜਕ 'ਤੇ ਡਿੱਗ ਗਈਆਂ ਪਰ ਕਾਰ ਚਾਲਕ ਨਾ ਰੁਕਿਆ। ਉਸ ਨੇ ਦੱਸਿਆ ਕਿ ਉਸ ਨੇ ਦੌੜ ਕੇ ਕਾਰ ਚਾਲਕ ਨੂੰ ਰੋਕਣ ਲਈ ਡਰਾਈਵਰ ਸਾਈਡ ਦੇ ਸ਼ੀਸ਼ੇ ਨੂੰ ਹੱਥ ਪਾ ਲਿਆ ਪਰ ਕਾਰ ਚਲਾ ਰਹੇ ਵਿਅਕਤੀ ਨੇ ਸ਼ੀਸ਼ਾ ਉੱਪਰ ਕਰ ਕੇ ਕਾਰ ਹੋਰ ਤੇਜ਼ ਕਰ ਲਈ ਜਦਕਿ ਉਸ ਦਾ ਹੱਥ ਸ਼ੀਸ਼ੇ ਵਿਚ ਫਸਿਆ ਰਿਹਾ ਤੇ ਉਹ ਕਾਰ ਦੇ ਨਾਲ ਹੀ ਦੂਰ ਤਕ ਿਘਸੜਦੀ ਗਈ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ 'ਤੇ ਪੱਥਰ ਮਾਰਿਆ ਤਾਂ ਡਰਾਈਵਰ ਨੇ ਕਾਰ ਰੋਕੀ। ਜ਼ਖਮੀ ਹੋਈਆਂ ਮਾਂ ਧੀ ਨੂੰ ਲੋਕਾਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।

ਓਧਰ ਕਾਰ ਚਲਾ ਰਹੇ ਆੜ੍ਹਤੀ ਦੇ ਪੁੱਤਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਅੰਦਰੋਂ ਨਿਕਲ ਕੇ ਜਿਵੇਂ ਹੀ ਡੀਏਵੀ ਕਾਲਜ ਵੱਲ ਜਾਣ ਲਈ ਮੁੜਿਆ ਤਾਂ ਦੂਸਰੇ ਪਾਸਿਓਂ ਐਕਟਿਵਾ 'ਤੇ ਆ ਰਹੀ ਲੜਕੀ ਉਸ ਦੀ ਕਾਰ ਨਾਲ ਖਹਿ ਕੇ ਡਿੱਗ ਪਈ। ਉਸ ਨੇ ਕਿਹਾ ਕਿ ਲੜਕੀ ਤੇ ਉਸ ਦੇ ਹੋਰ ਸਮੱਰਥਕਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਡਰਦੇ ਮਾਰੇ ਆਪਣੀ ਕਾਰ ਦਾ ਸ਼ੀਸ਼ਾ ਬੰਦ ਕਰ ਕੇ ਕਾਰ 'ਚ ਹੀ ਬੈਠ ਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਲੜਕੀ ਦੇ ਸਮੱਰਥਕਾਂ ਨੇ ਉਸ ਦੀ ਕਾਰ 'ਤੇ ਪੱਥਰ ਮਾਰ ਕੇ ਸ਼ੀਸ਼ੇ ਭੰਨ ਦਿੱਤੇ।

ਥਾਣਾ ਡਵੀਜ਼ਨ-1 ਦੇ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਮੌਕੇ 'ਤੇ ਇਕੱਤਰ ਭੀੜ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਹੰਗਾਮਾ ਸ਼ਾਂਤ ਕਰਵਾ ਕੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਪਰ ਦੇਰ ਸ਼ਾਮ ਤਕ ਲੜਕੀ ਪਰਿਵਾਰ ਦਾ ਕੋਈ ਵੀ ਵਿਅਕਤੀ ਥਾਣੇ ਵਿਚ ਹਾਜ਼ਰ ਨਾ ਹੋਇਆ ਤੇ ਉਨ੍ਹਾਂ ਵੱਲੋਂ ਅਗਲੇ ਦਿਨ ਦਾ ਟਾਈਮ ਦਿੱਤਾ ਗਿਆ ਹੈ।