ਸ.ਸ, ਜਲੰਧਰ : ਸ਼ਹਿਰ 'ਚ ਬੀਤੇ ਦਿਨੀਂ ਲੁੱਟ-ਖੋਹ ਤੇ ਬੈਂਕ ਡਕੈਤੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਦੇ ਸੀਸੀਟੀਵੀ ਫੁਟੇਜ ਸ਼ੁੱਕਰਵਾਰ ਨੂੰ ਪੁਲਿਸ ਨੇ ਜਾਰੀ ਕਰ ਦਿੱਤੇ। ਪੁਲਿਸ ਨੇ ਚਾਰ ਮੁਲਜ਼ਮਾਂ ਦੇ ਫੁਟੇਜ ਜਾਰੀ ਕਰਦਿਆਂ ਉਨ੍ਹਾਂ ਨੂੰ ਜਲੰਧਰ ਦੇ ਅਤਿ-ਲੋੜੀਂਦੇ ਅਪਰਾਧੀ ਦੱਸਿਆ ਹੈ ਤੇ ਉਨ੍ਹਾਂ ਦੀ ਸੂਚਨਾ ਦੇਣ ਲਈ ਸੀਆਈਏ ਤੇ ਐੱਸਓਯੂ ਦੇ ਨੰਬਰ ਜਾਰੀ ਕੀਤੇ ਹਨ। ਜਿਨ੍ਹਾਂ ਅਪਰਾਧੀਆਂ ਦੇ ਫੁਟੇਜ ਪੁਲਿਸ ਨੇ ਜਾਰੀ ਕੀਤੇ ਹਨ ਉਨ੍ਹਾਂ 'ਤੇ ਰਾਮਾ ਮੰਡੀ 'ਚ ਅੱਠ ਲੱਖ ਦੀ ਲੁੱਟ, ਖਾਲਸਾ ਕਾਲਜ ਨੇੜੇ ਲੁੱਟ ਕਰਨ ਵਾਲੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕਾਂ ਨੇ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸੂਚਨਾ ਦੇਣ ਵਾਲਿਆਂ ਦੇ ਨਾਂ ਗੁਪਤ ਰੱਖ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ ਹੈ।