ਪਾਲਤੂ ਕੁੱਤਿਆਂ ਨੂੰ ਲੈ ਕੇ ਕੁੱਟਮਾਰ, 60 ਤੋਂ ਵੱਧ ਨੇ ਦਿੱਤੀ ਸ਼ਿਕਾਇਤ
-ਵਡਾਲਾ ’ਚ ਸੱਦੀ ਗਈ
Publish Date: Tue, 09 Jun 2026 10:28 PM (IST)
Updated Date: Tue, 09 Jun 2026 10:29 PM (IST)
-ਵਡਾਲਾ ’ਚ ਸੱਦੀ ਗਈ ਪੰਚਾਇਤ ਤੋਂ ਪਹਿਲਾਂ ਵਧਿਆ ਤਣਾਅ
-ਬਾਹਰੀ ਨੌਜਵਾਨਾਂ ਨੂੰ ਸੱਦ ਕੇ ਹਮਲਾ ਕਰਵਾਉਣ ਦੇ ਲਾਏ ਦੋਸ਼
ਜਾਸ, ਜਲੰਧਰ : ਲਾਂਬੜਾ ਥਾਣੇ ਅਧੀਨ ਆਉਂਦੀ ਵਡਾਲਾ ਰਾਇਲ ਕਾਲੋਨੀ ’ਚ ਪਾਲਤੂ ਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਕਾਲੋਨੀ ਵਾਸੀਆਂ ਤੇ ਇਕ ਘਰ ’ਚ ਰੱਖੇ ਕੁੱਤਿਆਂ ਦੇ ਮਾਲਕਾਂ ਵਿਚਾਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਤਣਾਅ ਉਸ ਵੇਲੇ ਵਧ ਗਿਆ, ਜਦੋਂ ਸਮੱਸਿਆ ਦੇ ਹੱਲ ਲਈ ਸੱਦੀ ਗਈ ਪੰਚਾਇਤ ਤੋਂ ਪਹਿਲਾਂ ਹੀ ਦੋਵਾਂ ਧਿਰਾਂ ਨੇ ਸਾਹਮਣੇ ਆ ਕੇ ਵਿਰੋਧ ਕੀਤਾ। ਦੇਖਦਿਆਂ-ਦੇਖਦਿਆਂ ਵਿਵਾਦ ਇੰਨਾ ਵਧ ਗਿਆ ਕਿ ਲੱਤਾਂ-ਮੁੱਕੇ ਚੱਲਣ ਲੱਗੇ ਤੇ ਕੁਝ ਲੋਕਾਂ ਦੇ ਕੱਪੜੇ ਵੀ ਫਟ ਗਏ। ਕਾਲੋਨੀ ਵਾਸੀਆਂ ਦਾ ਦੋਸ਼ ਸੀ ਕਿ ਉਕਤ ਲੋਕ ਪਾਲਤੂ ਕੁੱਤਿਆਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰੀ ਕੁੱਤਿਆਂ ਦੇ ਹਮਲੇ ਤੇ ਡਰਾਉਣ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਦੋਸ਼ ਸੀ ਕਿ ਕੁੱਤਾ ਮਾਲਕ ਗਲੀ ਵਿਚ ਘੁੰਮ ਰਹੇ ਕੁੱਤਿਆਂ ਨੂੰ ਹੋਰਾਂ ਦੇ ਘਰਾਂ ਦੇ ਬਾਹਰ ਦੁੱਧ ਅਤੇ ਰੋਟੀ ਪਾਉਂਦੇ ਹਨ, ਜਿਸ ਨਾਲ ਲੋਕਾਂ ਦੀ ਮੁਸ਼ਕਲਾਂ ਵਿਚ ਵਾਧਾ ਹੋ ਜਾਂਦਾ ਹੈ।
ਇਸ ਸਮੱਸਿਆ ਦੇ ਹੱਲ ਲਈ ਕਾਲੋਨੀ ’ਚ ਪੰਚਾਇਤ ਸੱਦੀ ਗਈ ਸੀ। ਦੋਸ਼ ਸੀ ਕਿ ਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੁੱਤਿਆਂ ਦੇ ਮਾਲਕਾਂ ਨੇ ਬਾਹਰੀ ਨੌਜਵਾਨਾਂ ਨੂੰ ਬੁਲਾਇਆ, ਜਿਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਕਾਲੋਨੀ ਦੇ ਲੋਕਾਂ ਨਾਲ ਕੁੱਟਮਾਰ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਵਿਵਾਦ ਦੌਰਾਨ ਕੁਰਸੀਆਂ ਸਮੇਤ ਹੋਰ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਘਟਨਾ ਮਗਰੋਂ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ। ਔਰਤਾਂ ਨੇ ਵੀ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਘਰਾਂ ਦੇ ਬਾਹਰ ਜਾ ਕੇ ਹੰਗਾਮਾ ਕੀਤਾ।
ਘਟਨਾ ਮਗਰੋਂ ਕਾਲੋਨੀ ਦੇ ਲੋਕਾਂ ’ਚ ਰੋਸ ਹੈ। ਮਾਮਲੇ ਨੂੰ ਲੈ ਕੇ ਕਾਲੋਨੀ ਦੇ 60 ਤੋਂ ਵੱਧ ਨਿਵਾਸੀਆਂ ਨੇ ਲਾਂਬੜਾ ਥਾਣੇ ’ਚ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣੇ ਦੇ ਇੰਚਾਰਜ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸਾਰੀਆਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਦੋਵੇਂ ਧਿਰਾਂ ਵੱਲੋਂ ਦੋਸ਼ ਲਾਏ ਗਏ ਹਨ। ਜਾਂਚ ਦੇ ਆਧਾਰ 'ਤੇ ਨਿਰਪੱਖ ਕਾਰਵਾਈ ਕੀਤੀ ਜਾਵੇਗੀ।