ਜਤਿੰਦਰ ਪੰਮੀ, ਜਲੰਧਰ : ਬਿਜਲੀ ਦਾ ਬਿੱਲ ਦੇਣ ’ਚ ਜਿੱਥੇ ਆਮ ਖਪਤਕਾਰ ਘੇਸ ਵੱਟ ਜਾਂਦੇ ਹਨ, ਉਥੇ ਸਰਕਾਰੀ ਵਿਭਾਗ ਵੀ ਪਾਵਰਕਾਮ ਨੂੰ ਬਿਜਲੀ ਬਿੱਲ ਦੀ ਅਦਾਇਗੀ ਕਰਨ ਲਈ ਲੇਟ-ਲਤੀਫੀ ’ਚ ਪਿੱਛੇ ਨਹੀਂ ਹਨ। ਪਾਵਰਕਾਮ ਦਾ ਕਰੋੜਾਂ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਖਪਤਕਾਰਾਂ ਵੱਲ ਖੜ੍ਹਾ ਹੈ, ਜਿਸ ਵਿਚ ਸਰਕਾਰੀ ਵਿਭਾਗ ਨੇ ਵੀ ਕਰੋੜਾਂ ਰੁਪਏ ਦੇ ਬਿਜਲੀ ਬਿੱਲ ਅਦਾ ਕਰਨੇ ਹਨ।

ਸਰਕਾਰੀ ਵਿਭਾਗਾਂ ਵਿਚ ਸਿੱਖਿਆ ਵਿਭਾਗ ਵੀ ਪਿੱਛੇ ਨਹੀਂ ਹੈ। ਸਿੱਖਿਆ ਵਿਭਾਗ ਅਧੀਨ ਜ਼ਿਲ੍ਹੇ ਦੇ 18 ਸਰਕਾਰੀ ਸਕੂਲਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਬਿੱਲ ਜਮ੍ਹਾਂ ਨਹੀਂ ਕਰਵਾਏ ਗਏ, ਜਿਸ ਕਾਰਨ ਉਹ ਪਾਵਰਕਾਮ ਦੇ 26 ਲੱਖ ਤੋਂ ਵੀ ਵੱਧ ਦੇ ਦੇਣਦਾਰ ਹਨ। ਇਸ ਦਾ ਮੁੱਖ ਕਾਰਨ ਸਿੱਖਿਆ ਵਿਭਾਗ ਵੱਲੋਂ ਉਕਤ ਸਕੂਲਾਂ ਦਾ ਬਿਜਲੀ ਬਜਟ ਨਾ ਆਉਣਾ ਹੈ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਕੋਲ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ ਬਜਟ ਸਿਰਫ਼ 2 ਲੱਖ ਰੁਪਏ ਹੀ ਬਚਿਆ ਹੋਇਆ ਹੈ ਜਦੋਂਕਿ ਦੇਣਦਾਰੀ 26 ਲੱਖ ਰੁਪਏ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਵਿਭਾਗ ਕੋਲੋਂ ਬਜਟ ਮੰਗਿਆ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੇ ਬਿਜਲੀ ਬਿੱਲ ਨਾ ਭਰਨ ਵਾਲੇ 18 ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਬਕਾਇਆ ਬਿੱਲਾਂ ਦੇ ਬਕਾਏ ਵੇਰਵੇ ਭੇਜੇ ਸਨ ਅਤੇ ਉਨ੍ਹਾਂ ਨੂੰ ਬਕਾਇਆਂ ਦੀ ਇਕ ਵਾਰ ਪੜਤਾਲ ਕਰਨ ਲਈ ਕਿਹਾ ਗਿਆ ਸੀ।

ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਹਰਿੰਦਰਪਾਲ ਸਿੰਘ ਵੱਲੋਂ ਸਬੰਧਤ ਸਕੂਲਾਂ ਕੋਲੋਂ ਬਿਜਲੀ ਬਿੱਲ ਬਕਾਇਆ ਹੋਣ ਦੇ ਕਾਰਨਾਂ ਦੀ ਵੀ ਜਾਣਕਾਰੀ ਮੰਗੀ ਗਈ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਕੂਲਾਂ ਕੋਲ ਬਿਜਲੀ ਬਿੱਲ ਦੇਣ ਲਈ ਬਜਟ ਹੀ ਨਹੀਂ ਹੈ। ਇਸ ਉਪਰੰਤ ਡੀਈਓ ਵੱਲੋਂ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਤੇ ਡੀਪੀਆਈ ਸੈਕੰਡਰੀ ਨੂੰ ਚਿੱਠੀ ਲਿਖ ਕੇ ਬਿਜਲੀ ਬਿੱਲਾਂ ਦਾ ਬਜਟ ਮੰਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਡੀਈਓ ਸੈਕੰਡਰੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ 18 ਸਕੂਲਾਂ ਦੇ ਬਿਜਲੀ ਬਿੱਲਾਂ ਦਾ ਬਕਾਇਆ ਪਾਵਰਕਾਮ ਨੂੰ ਜਮ੍ਹਾਂ ਕਰਵਾਉਣ ਲਈ ਵਿਭਾਗ ਕੋਲੋਂ ਬਜਟ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਤੇ ਡੀਪੀਆਈ ਨੂੰ ਲਿਖੀ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਸਕੂਲਾਂ ਦਾ ਬਿਜਲੀ ਬਿੱਲਾਂ ਦਾ ਬਕਾਇਆ 26,07,870 ਰੁਪਏ ਬਣਦਾ ਹੈ ਜਦੋਂਕਿ ਦਫਤਰ ਕੋਲ ਸਿਰਫ਼ 2 ਲੱਖ ਰੁਪਏ ਦਾ ਬਜਟ ਹੈ।


ਸਕੂਲਾਂ ਦਾ ਬਕਾਇਆ ਬਿਜਲੀ ਬਿੱਲ

ਸਰਕਾਰੀ ਸਪੋਰਟਸ ਸਕੂਲ 6,84,780

ਮੈਰੀਟੋਰੀਅਸ ਸਕੂਲ 3,33,090

ਪਰਜੀਆਂ ਕਲਾਂ ਸ਼ਾਹਕੋਟ 2,10,410

ਨਹਿਰੂ ਗਾਰਡਨ ਸਕੂਲ 1,52,200

ਬਘੇਲਾ, ਮਹਿਤਪੁਰ ਸਕੂਲ 1,79,410

ਹਰੀਪੁਰ ਸਕੂਲ ਆਮਦਪੁਰ 1,10,480

ਸ਼ਾਹਕੋਟ ਸਕੂਲ 1,01,610

ਬੀਰ ਪਿੰਡ, ਨਕੋਦਰ 93,590

ਗਾਂਧੀ ਕੈਂਪ ਸਕੂਲ 89,550

ਮਕਸੂਦਾਂ ਸਕੂਲ 88,540

ਪਰਜੀਆਂ ਕਲਾਂ, ਸ਼ਾਹਕੋਟ 87,150

ਕਾਲਾ ਸੰਘਿਆ ਰੋਡ ਸਕੂਲ 85,820

ਪ੍ਰਾਇਮਰੀ ਸਕੂਲ ਨਕੋਦਰ 83,160

ਸਮਰਾਏ ਸਕੂਲ 73,810

ਬਿਲਗਾ ਸਕੂਲ 70,410

ਨੂਰਮਹਿਲ ਸਕੂਲ 58,650

ਸਿਵਲ ਲਾਈਨ ਸਕੂਲ 52,050

ਸ਼ਾਹਕੋਟ ਸਕੂਲ 53,160

Posted By: Jagjit Singh