ਜਲੰਧਰ ਆਰਪੀਓ ਵੱਲੋਂ ਲਾਈ ਪਾਸਪੋਰਟ ਅਦਾਲਤ ’ਚ 250 ਤੋਂ ਵੱਧ ਅਰਜ਼ੀਆਂ ਪ੍ਰਵਾਨ
ਜਲੰਧਰ ਆਰਪੀਓ ਵੱਲੋਂ ਲਗਾਈ ਪਾਸਪੋਰਟ ਅਦਾਲਤ ‘ਚ 250 ਤੋਂ ਵੱਧ ਅਰਜ਼ੀਆਂ ਪ੍ਰਵਾਨ
Publish Date: Wed, 12 Nov 2025 09:57 PM (IST)
Updated Date: Wed, 12 Nov 2025 09:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ) ਵੱਲੋਂ ਬੁੱਧਵਾਰ ਨੂੰ ਇਕ ਪਾਸਪੋਰਟ ਅਦਾਲਤ ਲਾਈ ਗਈ, ਜਿਸ ’ਚ ਪਾਸਪੋਰਟ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਦੇ ਹੱਲ ਲਈ ਲਗਪਗ 350 ਬਿਨੈਕਾਰਾਂ ਨੇ ਹਿੱਸਾ ਲਿਆ। ਇਸ ਪਹਿਲਕਦਮੀ ਦਾ ਉਦੇਸ਼ ਲੰਬਿਤ ਮਾਮਲਿਆਂ ’ਚ ਤੇਜ਼ੀ ਲਿਆਉਣਾ ਤੇ ਨਾਗਰਿਕਾਂ ਨੂੰ ਸੁਚਾਰੂ ਸੇਵਾਵਾਂ ਪ੍ਰਦਾਨ ਕਰਨਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਦੱਸਿਆ ਕਿ ਪਾਸਪੋਰਟ ਜਾਰੀ ਕਰਨ ਲਈ 250 ਤੋਂ ਵੱਧ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਬਾਕੀ ਮਾਮਲਿਆਂ ’ਤੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਦਾਲਤ ਦੌਰਾਨ ਅਧਿਕਾਰੀਆਂ ਵੱਲੋਂ 350 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ’ਚੋਂ 250 ਨੂੰ ਮੌਕੇ ਤੇ ਹੀ ਪ੍ਰਵਾਨਗੀ ਦਿੱਤੀ ਗਈ। ਆਰਪੀਓ ਨੇ ਕਿਹਾ ਕਿ ਬਿਨੈਕਾਰਾਂ ਦੀ ਸਹੂਲਤ ਤੇ ਪਾਸਪੋਰਟ ਸੇਵਾਵਾਂ ਦੀ ਤੇਜ਼ੀ ਨਾਲ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਅਦਾਲਤਾਂ ਤੇ ਵਿਸ਼ੇਸ਼ ਕੈਂਪ ਨਿਯਮਿਤ ਤੌਰ ਤੇ ਲਗਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪੈਂਡਿੰਗ ਫਾਈਲਾਂ ਵਾਲੇ ਬਿਨੈਕਾਰ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਦਰਮਿਆਨ, ਪੂਰਵ ਆਨਲਾਈਨ ਅਪਾਇੰਟਮੈਂਟ ਦੇ ਨਾਲ ਜਾਂ ਬਿਨਾਂ, ਸਾਰੇ ਸਬੰਧਤ ਦਸਤਾਵੇਜ਼ ਲੈ ਕੇ ਦਫ਼ਤਰ ਆ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਦੇ ਆਊਟਰੀਚ ਯਤਨਾਂ ਤਹਿਤ 10 ਤੋਂ 12 ਨਵੰਬਰ ਤੱਕ ਤਹਿਸੀਲ ਕੰਪਲੈਕਸ, ਐੱਸਬੀਐੱਸ ਨਗਰ ਵਿਖੇ ਤਾਇਨਾਤ ਆਰਪੀਓ ਦੀ ਮੋਬਾਈਲ ਵੈਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ ਖੇਤਰੀ ਪਾਸਪੋਰਟ ਦਫ਼ਤਰ ਨੇ ਆਪਣੇ ਅਧਿਕਾਰ ਖੇਤਰ ਅਧੀਨ ਹੋਰ ਥਾਵਾਂ ਤੇ ਮੋਬਾਈਲ ਵੈਨ ਸਹੂਲਤ ਦਾ ਵਿਸਥਾਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਪੂਰੇ ਖੇਤਰ ’ਚ ਪਾਸਪੋਰਟ ਸੇਵਾਵਾਂ ਤੱਕ ਪਹੁੰਚ ਹੋਰ ਬਿਹਤਰ ਹੋਵੇਗੀ।