ਜੇਐੱਨਐੱਨ, ਜਲੰਧਰ : ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਏਟੀਐੱਮ ਕਾਰਡ ਦਾ ਪਿਨ ਪੁੱਛ ਕੇ ਠੱਗ ਨੇ 25 ਹਜ਼ਾਰ ਕਢਵਾ ਲਏ। ਇਸ ਤੋਂ ਬਾਅਦ ਖ਼ਪਤਕਾਰ ਨੇ ਆਪਣਾ ਖਾਤਾ ਫਰੀਜ਼ ਕਰਵਾ ਦਿੱਤਾ। ਇਸ ਦੇ ਬਾਵਜੂਦ ਮੁੜ 25 ਹਜ਼ਾਰ ਰੁਪਏ ਹੋਰ ਕਢਵਾ ਲਏ ਗਏ। ਮਾਮਲਾ ਜ਼ਿਲ੍ਹਾ ਖ਼ਪਤਕਾਰ ਫੋਰਮ ਕੋਲ ਪੁੱਜਾ ਤਾਂ ਹੁਣ ਬੈਂਕ ਨੂੰ ਦੂਜੀ ਵਾਰ ਨਿਕਲੇ ਪੈਸੇ ਵਿਆਜ ਸਮੇਤ ਮੋੜਨੇ ਪੈਣਗੇ। ਇਸ ਤੋਂ ਇਲਾਵਾ 20 ਹਜ਼ਾਰ ਦਾ ਹਰਜਾਨਾ ਵੀ ਦੇਣਾ ਪਵੇਗਾ।

ਮੁਹੱਲਾ ਚਰਨਜੀਤਪੁਰਾ ਦੀ ਰਹਿਣ ਵਾਲੀ ਅੰਜੂ ਨੇ ਖ਼ਪਤਕਾਰ ਫੋਰਮ 'ਚ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦਾ ਬੈਂਕ ਆਫ ਇੰਡੀਆ 'ਚ ਬੱਚਤ ਖਾਤਾ ਹੈ, ਜਿਸ ਦਾ ਉਨ੍ਹਾਂ ਨੂੰ ਏਟੀਐੱਮ ਵੀ ਮਿਲਿਆ ਹੈ। ਫਰਵਰੀ 2016 'ਚ ਉਨ੍ਹਾਂ ਕੋਲ ਖੁਦ ਨੂੰ ਬੈਂਕ ਮੁਲਾਜ਼ਮ ਦੱਸਣ ਵਾਲੇ ਇਕ ਵਿਅਕਤੀ ਦਾ ਫੋਨ ਆਇਆ। ਉਸ ਨੇ ਏਟੀਐੱਮ ਕਾਰਡ ਦੇ ਪਿਨ ਨੰਬਰ ਬਾਰੇ ਪੁੱਿਛਆ। ਉਸ ਨੇ ਕਿਹਾ ਕਿ ਉਹ ਏਟੀਐੱਮ ਪਿਨ ਦੇ ਸਹੀ ਹੋਣ ਦੀ ਵੈਰੀਫਾਈ ਕਰ ਰਹੇ ਹਨ। ਉਸ ਨੇ ਭਰੋਸਾ ਕਰਦਿਆਂ ਉਸ ਨੂੰ ਪਿਨ ਨੰਬਰ ਦੇ ਦਿੱਤਾ। ਉਸ ਨੂੰ ਲੱਗਾ ਕਿ ਉਨ੍ਹਾਂ ਦੇ ਬੈਂਕ ਨਾਲ ਰਜਿਸਟਰਡ ਮੋਬਾਈਲ ਨੰਬਰ ਬਾਰੇ ਬੈਂਕ ਤੋਂ ਇਲਾਵਾ ਕੋਈ ਦੂਜਾ ਨਹੀਂ ਜਾਣਦਾ, ਇਸ ਲਈ ਨੰਬਰ ਦਿੱਤਾ। ਉਹ ਹੈਰਾਨ ਰਹਿ ਗਈ ਜਦੋਂ ਉਨ੍ਹਾਂ ਦੇ ਖਾਤੇ 'ਚੋਂ 25 ਹਜ਼ਾਰ ਰੁਪਏ ਕਢਵਾ ਲਏ ਗਏ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ, ਤੁਰੰਤ 17 ਫਰਵਰੀ 2016 ਨੂੰ ਬੈਂਕ ਨੂੰ ਸੂਚਨਾ ਦਿੱਤੀ ਤੇ ਖਾਤੇ 'ਚੋਂ ਅੱਗੋਂ ਤੋਂ ਹਰੇਕ ਤਰ੍ਹਾਂ ਦਾ ਲੈਣ-ਦੇਣ ਬੰਦ ਕਰਨ ਲਈ ਕਿਹਾ। 18 ਫਰਵਰੀ 2016 'ਚ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਵੀ ਦਿੱਤੀ। ਉਨ੍ਹਾਂ ਨੇ ਬੈਂਕ ਤੋਂ ਤੁਰੰਤ ਕਾਰਵਾਈ ਕਰ ਕੇ ਖਾਤੇ ਨੂੰ ਟਰੇਸ ਕਰਵਾਉਣ ਲਈ ਕਿਹਾ, ਜਿਸ 'ਚ ਉਨ੍ਹਾਂ ਦੇ ਅਕਾਊਂਟ 'ਚੋਂ ਪੈਸਾ ਭੇਜਿਆ ਗਿਆ। ਇਸ ਦੇ ਬਾਵਜੂਦ ਬੈਂਕ ਵੱਲੋਂ ਕੋਈ ਕਾਰਵਾਈ ਨਹੀਂ ਹੋਈ। 17 ਫਰਵਰੀ ਨੂੰ ਏਟੀਐੱÎਮ ਕਾਰਡ ਬਲਾਕ ਕਰਨ ਤੋਂ ਬਾਅਦ 10 ਮਾਰਚ ਨੂੰ ਉਹ ਬੈਂਕ ਗਈ। ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਉਨ੍ਹਾਂ ਨੂੰ ਨਵਾਂ ਏਟੀਐੱਮ ਲੈਣਾ ਪਵੇਗਾ। ਉਨ੍ਹਾਂ ਨੇ ਏਟੀਐੱਮ ਕਾਰਡ ਲਈ ਅਪਲਾਈ ਕਰ ਦਿੱਤਾ। ਬੈਂਕ ਨੇ ਭਰੋਸਾ ਦਿੱਤਾ ਕਿ ਅੱਗੋਂ ਤੋਂ ਖਾਤੇ 'ਚੋਂ ਕਿਸੇ ਤਰ੍ਹਾਂ ਦਾ ਗ਼ਲਤ ਲੈਣ-ਦੇਣ ਨਹੀਂ ਹੋਵੇਗਾ। ਇਸ ਦੇ ਬਾਵਜੂਦ 16 ਮਾਰਚ ਨੂੰ ਫਿਰ ਉਨ੍ਹਾਂ ਦੇ ਖਾਤੇ 'ਚੋਂ ਬਚੇ ਪੈਸੇ ਵੀ ਕਢਵਾ ਲਏ ਗਏ। ਉਨ੍ਹਾਂ ਨੇ ਫਿਰ ਬੈਂਕ ਨੂੰ ਸ਼ਿਕਾਇਤ ਕੀਤੀ। ਬੈਂਕ ਤੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ।

ਫੋਰਮ ਨੇ ਬੈਂਕ ਨੂੰ ਨੋਟਿਸ ਕੱਿਢਆ। ਬੈਂਕ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਕਿਸੇ ਮੁਲਾਜ਼ਮ ਨੇ ਸ਼ਿਕਾਇਤਕਰਤਾ ਤੋਂ ਏਟੀਐÎਮ ਕਾਰਡ ਦਾ ਪਿਨ ਨਹੀਂ ਮੰਗਿਆ। ਸ਼ਿਕਾਇਤਕਰਤਾ ਨੇ ਵੀ ਹੀ ਲਾਪਰਵਾਹੀ ਵਰਤੀ ਹੈ। ਬੈਂਕ ਤੇ ਕੇਂਦਰ ਸਰਕਾਰ ਲਗਾਤਾਰ ਜਾਗੂਰਕ ਕਰ ਰਹੀ ਹੈ ਕਿ ਅਜਿਹੀਆਂ ਝੂਠੀਆਂ ਕਾਲਾਂ ਤੋਂ ਚੌਕਸ ਰਹੋ। ਬੈਂਕ ਜਾਂ ਸਰਕਾਰੀ ਏਜੰਸੀ ਕਿਸੇ ਕੋਲੋਂ ਇਹ ਜਾਣਕਾਰੀ ਨਹੀਂ ਮੰਗਦੀ। ਉਨ੍ਹਾਂ ਦੇ ਏਟੀਐੱਮ 'ਚੋਂ 25 ਕਢਵਾ ਲਏ ਗਏ ਪਰ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਇਸ ਦੀ ਤਰੀਕ ਨਹੀਂ ਦੱਸੀ। ਏਨਾ ਜ਼ਰੂਰ ਹੈ ਕਿ ਬੈਂਕ ਆ ਕੇ ਜ਼ੁਬਾਨੀ ਬੇਨਤੀ ਜ਼ਰੂਰ ਕੀਤੀ ਸੀ ਕਿ ਉਨ੍ਹਾਂ ਅਕਾਊਂਟ 'ਚੋਂ ਪੈਸੇ ਦਾ ਲੈਣ-ਦੇਣ ਦਾ ਕੰਮ ਬੰਦ ਕਰ ਦਿੱਤਾ ਜਾਵੇ। ਬੈਂਕ ਨੇ ਤੁਰੰਤ ਉਨ੍ਹਾਂ ਦਾ ਅਕਾਊਂਟ ਫਰੀਜ਼ ਕਰ ਦਿੱਤਾ। ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਪੁਲਿਸ ਸਾਈਬਰ ਕਰਾਈਮ 'ਚ ਸ਼ਿਕਾਇਤ ਕਰਨ ਨੂੰ ਕਿਹਾ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਫੋਰਮ ਨੇ ਦੋਵਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਦੇ ਖਾਤੇ 'ਚੋਂ ਪਹਿਲਾਂ ਪੈਸੇ ਨਿਕਲੇ ਤਾਂ ਇਸ 'ਚ ਬੈਂਕ ਦੀ ਕੋਈ ਗ਼ਲਤੀ ਨਹੀਂ ਸੀ ਕਿਉਂਕਿ ਇਸ ਬਾਰੇ ਉਹ ਪਹਿਲਾਂ ਹੀ ਜਾਗਰੂਕ ਕਰ ਚੁੱਕੇ ਸਨ ਕਿ ਆਪਣਾ ਪਿਨ ਨੰਬਰ ਕਿਸੇ ਨਾ ਨੂੰ ਦੱਸੋ। ਇਹ ਸ਼ਿਕਾਇਤਕਰਤਾ ਨੇ ਖੁਦ ਹੀ ਪਿਨ ਦੱਸ ਦਿੱਤੀ।

ਦੂਜੀ ਵਾਰ 25 ਹਜ਼ਾਰ ਰੁਪਏ ਕਢਵਾਉਣ ਦੇ ਮਾਮਲੇ 'ਚ ਫੋਰਮ ਨੇ ਕਿਹਾ ਕਿ ਇਹ ਪੈਸੇ 16 ਮਾਰਚ 2016 ਨੂੰ ਕਢਵਾਏ ਗਏ, ਜਦਕਿ ਉਸ ਨੇ ਪਹਿਲਾਂ ਹੀ ਬੈਂਕ ਨੂੰ ਕਾਰਡ ਬਲਾਕ ਕਰਨ ਲਈ ਕਿਹਾ ਜਾ ਚੁੱਕਾ ਸੀ। ਫੋਰਮ ਨੇ ਕਿਹਾ ਕਿ ਜੇ ਬੈਂਕ ਖਾਤੇ ਫਰੀਜ਼ ਕਰ ਦਿੱਤਾ ਗਿਆ ਸੀ ਤਾਂ ਫਿਰ ਦੂਜੀ ਵਾਰ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਕਿਵੇਂ ਕਢਵਾ ਲਏ ਗਏ। ਇਹ ਸਰਾਸਰ ਬੈਂਕ ਦੇ ਪੱਧਰ 'ਤੇ ਲਾਪਰਵਾਹੀ ਤੇ ਸੇਵਾ 'ਚ ਕਮੀ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸ਼ਿਕਾਇਤਕਰਤਾ ਦਾ ਬੈਂਕ ਅਕਾਊਂਟ ਸਹੀ ਢੰਗ ਨਾਲ ਫਰੀਜ਼ ਨਹੀਂ ਹੋਇਆ ਸੀ।

ਇਸ ਤੋਂ ਬਾਅਦ ਫੋਰਮ ਦੇ ਪ੍ਰਧਾਨ ਕਰਨੈਲ ਸਿੰਘ ਤੇ ਮੈਂਬਰ ਜਯੋਤਸਨਾ ਨੇ ਬੈਂਕ ਨੂੰ ਹੁਕਮ ਦਿੱਤੇ ਕਿ ਉਹ ਸ਼ਿਕਾਇਤਕਰਤਾ ਨੂੰ ਦੂਜਾ ਵਾਰ ਨਿਕਲੇ 25 ਹਜ਼ਾਰ ਵਾਪਸ ਮੋੜੇ। ਇਸ 'ਤੇ ਨਿਕਲੇ ਪੈਸੇ ਦੀ ਤਰੀਕ ਤੋਂ 12 ਫ਼ੀਸਦੀ ਵਿਆਜ ਵੀ ਦੇਵੇ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ 20 ਹਜ਼ਾਰ ਦਾ ਹਰਜ਼ਾਨਾ ਵੀ ਅਦਾ ਕਰੇ।