ਜਲੰਧਰ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਦੇ ਨਾਂ ’ਤੇ ਟਵਿਟਰ ’ਤੇ ਫ਼ਰਜ਼ੀ ਅਕਾਊਂਟ ਬਣਾ ਕੇ ਸਾਈਬਰ ਠੱਗ ਮਦਦ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਮੰਗ ਰਹੇ ਹਨ। ਇਸ ਦੀ ਜਾਣਕਾਰੀ ਜਦੋਂ ਹਰਭਜਨ ਸਿੰਘ ਨੂੰ ਲੱਗੀ ਤਾਂ ਉਨ੍ਹਾਂ ਟਵੀਟ ਕਰ ਕੇ ਲੋਕਾਂ ਨੂੰ ਅਜਿਹੇ ਸਾਈਬਰ ਠੱਗਾਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਟਵਿਟਰ ’ਤੇ ਹਰਭਜਨ ਸਿੰਘ ਦੇ ਨਾਂ ’ਤੇ ਫ਼ਰਜ਼ੀ ਅਕਾਊਂਟ ਬਣਾ ਕੇ ਸਾਈਬਰ ਠੱਗ ਲੋਕਾਂ ਤੋਂ ਪੈਸੇ ਮੰਗ ਰਹੇ ਹਨ। ਕਈ ਲੋਕਾਂ ਨੇ ਟਵੀਟ ਨੂੰ ਸਹੀ ਮੰਨਦੇ ਹੋਏ ਉਸ ’ਤੇ ਦੱਸੇ ਗਏ ਬੈਂਕ ਅਕਾਊਂਟ ’ਚ ਪੈਸੇ ਵੀ ਪਾ ਦਿੱਤੇ। ਇਸ ਦਾ ਪਤਾ ਜਦੋਂ ਹਰਭਜਨ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਲੋਕ ਫ਼ਰਜ਼ੀ ਅਕਾਊਂਟ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਬਣਾਇਆ ਗਿਆ ਅਕਾਊਂਟ ਫ਼ਰਜ਼ੀ ਹੈ ਤੇ ਨਾ ਹੀ ਉਨ੍ਹਾਂ ਨੇ ਪੈਸੇ ਮੰਗੇ ਹਨ। ਇਸ ਸਬੰਧੀ ਉਨ੍ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ।

Posted By: Jagjit Singh