ਸੋਨਾ ਪੁਰੇਵਾਲ, ਨਕੋਦਰ : ਭਾਰਤ ਸਰਕਾਰ ਦੇ ਫ਼ਸਲਾਂ ਦੇ ਮੰਡੀਕਰਨ ਸਬੰਧੀ ਨਵੇਂ ਕਾਨੂੰਨ ਦੇ ਵਿਰੋਧ 'ਚ ਬੀਤੇ ਦਿਨ ਨਕੋਦਰ ਹਲਕੇ ਵਿੱਚ ਪੈਂਦੇ ਪਿੰਡ ਲਿੱਤਰਾਂ ਵਿਖੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਪੰਜਾਬ ਵਾਟਰ ਰਿਸੋਰਸਸ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਇਕੱਠ ਕੀਤਾ ਗਿਆ, ਜਿਸ ਨੂੰ ਬੋਹੜ ਥੱਲੇ ਮੰਜੇ ਡਾਹ ਕੇ ਸੱਥ ਦਾ ਰੂਪ ਦਿੱਤਾ। ਇਸ ਸੱਥ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ,ਐਮਪੀ ਜਲੰਧਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ,ਸ਼ਾਹ ਕੋਟ ਤੋਂ ਐੱਮਐੱਲਏ ਲਾਡੀ ਸ਼ੇਰੋਵਾਲੀਆ, ਜਲੰਧਰ ਕੈਂਟ ਤੋਂ ਐਮਐੱਲਏ ਪ੍ਰਗਟ ਸਿੰਘ ਤੇ ਜਗਬੀਰ ਸਿੰਘ ਬਰਾੜ ਲੋਕਾਂ ਨਾਲ ਰੂਬਰੂ ਹੋਏ। ਕਾਂਗਰਸ ਪ੍ਰਧਾਨ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਵੀ ਭਾਈਵਾਲ ਹੈ।ਫਸਲਾਂ ਦੀ ਖਰੀਦ ਸਬੰਧੀ ਸਰਕਾਰ ਜੋ ਨਵਾਂ ਕਾਨੂੰਨ ਲੈ ਕੇ ਆਈ ਹੈ ਇਹ ਇੱਕ ਕਿਸਾਨ ਮਾਰੂ ਫੈਸਲਾ ਹੈ। ਜਾਖੜ ਨੇ ਅਕਾਲੀ ਦਲ ਬਾਦਲ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਕਾਲੀ ਦਲ ਨੂੰ ਇਹ ਨਹੀਂ ਪਤਾ ਲੱਗਦਾ ਕੀ ਕਰੀਏ।

ਐੱਮਐੱਸਪੀ ਬਾਰੇ ਇਸ ਨਵੇਂ ਕਾਨੂੰਨ ਦੀ ਹਮਾਇਤ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰ ਰਹੇ ਹਨ ਤੇ ਅਾਪਣੀਆਂ ਕੁਰਸੀਆਂ ਬਚਾ ਰਹੇ ਹਨ। ਪਿੰਡ ਲਿੱਤਰਾ ਦੇ ਸਰਪੰਚ ਭੁਪਿੰਦਰ ਭਿੱਜਾਂ ਦੀ ਪ੍ਰਸੰਸਾ ਕਰਦਿਆਂ ਜਾਖੜ ਨੇ ਕਿਹਾ ਕਿ ਇਹੋ ਜਿਹੇ ਨੌਜਵਾਨ ਪਿੰਡਾਂ ਦੀ ਕਮਾਨ ਸੰਭਾਲ਼ ਰਹੇ ਹਨ। ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਤੇ ਨਾਲ ਉਹਨਾਂ ਕਿਹਾ ਕਿ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰਨ ਆਇਆ ਹਾਂ। ਕੁਝ ਅਰਸੇ ਬਾਅਦ ਸਰਕਾਰੀ ਖਰੀਦ ਬਿਲਕੁੱਲ ਬੰਦ ਹੋ ਜਾਵੇਗੀ ਤੇ ਐਮਐਸਪੀ ਕੇਵਲ ਕਾਗਜੀ ਗੱਲ ਬਣ ਕੇ ਰਹਿ ਜਾਵੇਗੀ। ਜਿਵੇਂ ਹੁਣ ਕਣਕ ਅਤੇ ਝੋਨੇ ਤੋਂ ਬਿਨਾਂ ਬਾਕੀ ਫਸਲਾਂ ਦੀ ਹਾਲਤ ਹੈ। ਉਹਨਾ ਕਿਹਾ ਕਿ ਆਓ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਡਟ ਕੇ ਖੜੇ ਹੋਈਏ ਤੇ ਭਾਜਪਾ ਤੇ ਅਕਾਲੀ ਦਲ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰੀਏ। ਚੌਧਰੀ ਸੰਤੋਖ ਸਿੰਘ ਨੇ ਵੀ ਅਾਪਣੇ ਭਾਸ਼ਣ ਵਿੱਚ ਲੋਕਾਂ ਨੂੰ ਇਸ ਕਾਨੂੰਨ ਦੇ ਵਿਰੋਧ ਵਿੱਚ ਜਾਗਰੂਕ ਹੋਣ ਦੀ ਅਪੀਲ ਕੀਤੀ। ਸ਼ਾਹਕੋਟ ਤੋਂ ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਇੰਝ ਕਿਸਾਨ ਮੱਕੀ ਦੀ ਫਸਲ ਨੂੰ ਲੈ ਕੇ ਚਿੰਤਾ 'ਚ ਹੈ ਕਿਉਂਕਿ ਮੱਕੀ ਦਾ ਚੰਗਾ ਝਾੜ ਹੈ। ਪਰ ਵਪਾਰੀ ਤੋਂ ਚੰਗਾ ਭਾਅ ਨਹੀਂ ਮਿਲ ਰਿਹਾ। ਇਸ ਤਰਾਂ ਨਵੇਂ ਕਾਨੂੰਨ ਤਹਿਤ ਕਿਸਾਨ ਕਣਕ ਨੂੰ ਲੈ ਕਿ ਮੰਡੀਆਂ ਵਿੱਚ ਰੁਲਣਗੇ, ਇਸ ਲਈ ਅੱਜ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ। ਇਸ ਮੌਕੇ ਦਰਸ਼ਨ ਟਾਹਲੀ, ਸੁਖਿਵੰਦਰ ਮੁੱਧ, ਭੁਪਿੰਦਰ ਸਿੰਘ ਸਰਪੰਚ ਲਿੱਤਰਾਂ, ਜਸਕਰਨ ਸਿੰਘ,ਅਮਰਜੀਤ ਸਿੰਘ ਤੇ ਹੋਰ ਵੱਖ ਵੱਖ ਪਿੰਡਾਂ ਤੇ ਕਾਂਗਰਸ ਦੇ ਨੁਮਾਇੰਦੇ ਤੇ ਕਿਸਾਨ ਪਹੁੰਚੇ ਹੋਏ ਸਨ।

Posted By: Ramanjit Kaur