ਜਤਿੰਦਰ ਪੰਮੀ, ਜਲੰਧਰ : ਸਮੇਂ ਦੇ ਨਾਲ-ਨਾਲ ਇਲਾਕੇ ਦੇ ਕਿਸਾਨ ਹੌਲੀ-ਹੌਲੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਹੋ ਰਹੇ ਹਨ। ਜਿਹੜੇ ਕਿਸਾਨ ਇਕ ਵਾਰ ਆਪਣੇ ਖੇਤਾਂ 'ਚ ਝੋਨੇ ਦੀ ਰਹਿੰਦ-ਖੂੰਹਦ ਸਾੜਨ ਦੀ ਬਜਾਏ ਵਹਾ ਕੇ ਖੇਤੀ ਕਰਦੇ ਹਨ, ਉਹ ਇਸ ਦੇ ਵਧੀਆ ਨਤੀਜੇ ਦੇਖ ਕੇ ਮੁੜ ਪਰਾਲੀ ਸਾੜਨ ਤੋਂ ਤੌਬਾ ਕਰ ਲੈਂਦੇ ਹਨ। ਇਹ ਕਹਿਣਾ ਹੈ ਪਿੰਡ ਲੱਲੀਆਂ ਖੁਰਦ ਦੇ ਕਿਸਾਨ ਅਮਰਦੀਪ ਸਿੰਘ ਦਾ, ਜਿਨ੍ਹਾਂ ਨੇ ਚਾਰ ਸਾਲ ਪਹਿਲਾਂ ਆਪਣੇ ਖੇਤਾਂ 'ਚ ਝੋਨੇ ਦੀ ਰਹਿੰਦ-ਖੂੰਹਦ ਸਾੜਨੀ ਬੰਦ ਕਰਕੇ ਉਸ ਨੂੰ ਖੇਤਾਂ ਵਿਚ ਵਾਹ ਦਿੱਤਾ।

ਅਮਰਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਸਾਲ ਜਦੋਂ ਉਸ ਨੇ ਆਪਣੇ ਆਸ-ਪਾਸ ਦੇ ਕਿਸਾਨਾਂ ਤੋਂ ਹਟ ਕੇ ਪਰਾਲੀ ਨਾ ਸਾੜਨ ਦਾ ਫੈਸਲਾ ਕੀਤਾ ਅਤੇ ਝੋਨੇ ਦੀ ਰਹਿੰਦ-ਖੂੰਹਦ ਖੇਤਾਂ 'ਚ ਵਾਹ ਦਿੱਤੀ ਤਾਂ ਇਸ ਦੇ ਨਤੀਜੇ ਬਹੁਤ ਹੀ ਸਾਰਥਕ ਨਿਕਲੇ। ਇਨ੍ਹਾਂ ਨਤੀਜਿਆਂ ਕਾਰਨ ਉਸ ਨੂੰ ਕਾਫੀ ਹੌਸਲਾ ਤੇ ਉਤਸ਼ਾਹ ਮਿਲਿਆ ਤਾਂ ਉਸ ਨੇ ਪ੍ਰਣ ਕੀਤਾ ਕਿ ਖੇਤਾਂ 'ਚ ਰਹਿੰਦ-ਖੂੰਹਦ ਸਾੜ ਕੇ ਵਾਤਾਵਰਨ ਪਲੀਤ ਕਰਨ ਦੀ ਥਾਂ ਇਸ ਨੂੰ ਖੇਤਾਂ ਵਿਚ ਹੀ ਵਾਹ ਕੇ ਦੇਸੀ ਰੂੜੀ ਦਾ ਕੰਮ ਲਿਆ ਜਾਵੇ। ਉਸ ਨੇ ਦੱਸਿਆ ਕਿ 2016 ਵਿਚ ਪਹਿਲੇ ਸਾਲ ਝੋਨੇ ਤੋਂ ਬਾਅਦ ਆਲੂ ਬੀਜਣ 'ਤੇ ਇਨ੍ਹਾਂ ਦੀ ਪੈਦਾਵਾਰ 'ਚ ਹੋਏ ਵਾਧੇ ਅਤੇ ਖਾਦ ਦੀ ਵਰਤੋਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਲੱਗਿਆ ਕਿ ਕਿਸਾਨ ਪਿਛਲੇ ਸਮੇਂ ਤੋਂ ਪਰਾਲੀ ਖੇਤਾਂ 'ਚ ਸਾੜ ਕੇ ਆਪਣਾ ਹੀ ਨੁਕਸਾਨ ਕਰ ਰਹੇ ਹਨ।

ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ 15 ਏਕੜ ਰਕਬੇ ਵਿਚ ਝੋਨਾ ਤੇ ਆਲੂ ਦੀ ਫਸਲ ਬੀਜਦਾ ਹੈ। ਝੋਨੇ ਤੋਂ ਬਾਅਦ ਆਲੂ ਦੀ ਫਸਲ ਬੀਜਣ ਦਾ ਸਮਾਂ ਛੇਤੀ ਹੀ ਸ਼ੁਰੂ ਹੋ ਜਾਂਦਾ ਹੈ, ਇਸ ਲਈ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਨ ਦੇ ਨਾਲ ਹੀ ਭਾਵੇਂ 15 ਮਿੰਟਾਂ ਬਾਅਦ ਖੇਤਾਂ 'ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਖਪਾਉਣ ਲਈ ਮਲਚਰ ਫੇਰ ਦਿੱਤਾ ਜਾਵੇ ਅਤੇ ਨਾਲ ਹੀ ਪਿੱਛੋਂ ਪਲਟਵਾਂ ਹੱਲ ਚਲਾ ਕੇ ਖੇਤ ਨੂੰ ਵਾਹਿਆ ਜਾਵੇ। ਹਾਲਾਂਕਿ ਕਣਕ ਦੀ ਬਿਜਾਈ ਕਰਨ ਲਈ ਜ਼ਿਆਦਾ ਸਮਾਂ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਵਾਢੀ ਦੇ ਤੁਰੰਤ ਬਾਅਦ ਮਲਚਰ ਫੇਰ ਕੇ ਪਲਟਵਾਂ ਹੱਲ ਚਲਾ ਕੇ ਅਤੇ ਰੋਟਾਵੇਟਰ ਫੇਰ ਕੇ ਝੋਨੇ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਦਬਾ ਦਿੱਤਾ ਜਾਂਦਾ ਹੈ। ਫਿਰ ਇਕ ਜਾਂ ਦੋ ਦਿਨ ਬਾਅਦ ਮੁੜ ਹੱਲ ਚਲਾ ਕੇ ਵਾਹੀ ਕੀਤੀ ਜਾ ਸਕਦੀ ਹੈ ਅਤੇ 5-6 ਦਿਨਾਂ ਵਿਚ ਹੀ ਆਲੂ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਹੋ ਜਾਂਦੀ ਹੈ। ਆਲੂ ਦੀ ਬਿਜਾਈ ਆਟੋਮੈਟਿਕ ਪਲਾਂਟਰ ਨਾਲ ਕੀਤੀ ਜਾਂਦੀ ਹੈ।

ਅਮਰਦੀਪ ਨੇ ਦੱਸਿਆ ਕਿ ਪਰਾਲੀ ਖੇਤਾਂ 'ਚ ਵਾਹੁਣ ਨਾਲ ਦੇਸੀ ਰੂੜੀ ਦਾ ਕੰਮ ਕਰਦੀ ਹੈ ਅਤੇ ਫਸਲ ਨੂੰ ਡੀਏਪੀ ਤੇ ਯੂਰੀਆ ਖਾਦ ਘੱਟ ਮਾਤਰਾ ਵਿਚ ਪਾਉਣ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਜ਼ਮੀਨ ਵਿਚ ਮੀਂਹ ਦਾ ਪਾਣੀ ਜ਼ਿਆਦਾ ਦੇਰ ਤਕ ਨਹੀਂ ਰੁਕਦਾ ਅਤੇ ਜ਼ਮੀਨ ਪਾਣੀ ਛੇਤੀ ਹੀ ਚੂਸ ਲੈਂਦੀ ਹੈ। ਅਮਰਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਖੇਤਾਂ 'ਚ ਝੋਨੇ ਦੀ ਰਹਿੰਦ-ਖੂੰਹਦ ਵਾਹੁਣ ਦੇ ਨਾਲ-ਨਾਲ ਹੁਣ ਆਸ-ਪਾਸ ਦੇ ਕਿਸਾਨਾਂ ਦੇ ਖੇਤਾਂ 'ਚ ਵੀ ਝੋਨੇ ਦੀ ਰਹਿੰਦ-ਖੂੰਹਦ ਵਾਹੁਣ ਦਾ ਕੰਮ ਕਰ ਰਿਹਾ ਹੈ।

ਇਸ ਕੰਮ ਲਈ ਉਸ ਨੇ ਅਮਰ ਕਿਸਾਨ ਸੇਵਾ ਸੁਸਾਇਟੀ ਕਾਇਮ ਕੀਤੀ ਹੋਈ ਹੈ, ਜਿਸ ਵਿਚ 4 ਮਲਚਰ, 4 ਐੱਮਬੀ ਪਲਾਓ (ਪਲਟਵੀਂ ਹੱਲ), 2 ਰੋਟਾਵੇਟਰ, ਜ਼ੀਰੋ ਟਿਲ ਡਰਿੱਲ ਅਤੇ ਮਲਚਰ ਰੱਖਿਆ ਹੋਇਆ ਹੈ। ਪਿਛਲੇ ਸਾਲ ਉਸ ਨੇ 900 ਏਕੜ ਦੇ ਕਰੀਬ ਰਕਬੇ ਵਿਚ ਝੋਨੇ ਦੀ ਰਹਿੰਦ-ਖੂੰਹਦ ਅਤੇ 300 ਏਕੜ ਰਕਬੇ 'ਚ ਕਣਕ ਦਾ ਨਾੜ ਵਾਹਿਆ ਸੀ ਅਤੇ ਇਸ ਸਾਲ ਉਸ ਨਾਲੋਂ ਵੀ ਵੱਧ ਰਕਬੇ 'ਚ ਝੋਨੇ ਦੀ ਰਹਿੰਦ-ਖੂੰਹਦ ਵਾਹੁਣ ਦਾ ਟੀਚਾ ਹੈ। ਇਕ ਏਕੜ 'ਚ ਝੋਨੇ ਦੀ ਰਹਿੰਦ-ਖੂੰਹਦ ਵਾਹੁਣ ਲਈ ਉਹ 3000 ਤੋਂ 3500 ਰੁਪਏ ਤਕ ਵਸੂਲਦਾ ਹੈ।