ਰਾਕੇਸ਼ ਗਾਂਧੀ, ਜਲੰਧਰ

ਪਠਾਨਕੋਟ ਚੌਕ ਵਿਚ ਪੈਦਲ ਜਾ ਰਹੀ ਇਕ ਅੌਰਤ ਦਾ ਮੋਬਾਈਲ ਝਪਟ ਕੇ ਭੱਜਣ ਵੇਲੇ ਸਨੈਚਰ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਉਹ ਹੇਠਾਂ ਡਿੱਗ ਪਿਆ ਜਿਸ ਨੂੰ ਲੋਕਾਂ ਨੇ ਕਾਬੂ ਕਰ ਕੇ ਉਸ ਦੀ ਿਛਤਰੋਲ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਥੋੜ੍ਹੀ ਦੂਰ 'ਤੇ ਹੀ ਲੁਕ ਕੇ ਬੈਠੇ ਉਸਦੇ ਦੂਜੇ ਸਾਥੀ ਨੂੰ ਵੀ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅੱਠ ਦੇ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁਸ਼ਪਾ ਵਾਸੀ ਜਿੰਦਾ ਪਿੰਡ ਮਕਸੂਦਾਂ, ਜੋ ਕਿ ਪੈਦਲ ਪਠਾਨਕੋਟ ਚੌਕ ਵੱਲ ਜਾ ਰਹੀ ਸੀ, ਦਾ ਮੋਟਰਸਾਈਕਲ ਸਵਾਰ ਸਨੈਚਰ ਨੇ ਮੋਬਾਈਲ ਝਪਟ ਲਿਆ ਅਤੇ ਭੱਜਦੇ ਹੋਏ ਉਸ ਦਾ ਮੋਟਰਸਾਈਕਲ ਸਲਿੱਪ ਕਰ ਗਿਆ। ਜਿਸ ਨਾਲ ਉਹ ਹੇਠਾਂ ਡਿੱਗ ਪਿਆ ਤੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਸੂਚਨਾ ਤੋਂ ਬਾਅਦ ਸਬ ਇੰਸਪੈਕਟਰ ਨਿਰਮਲ ਸਿੰਘ ਮੌਕੇ 'ਤੇ ਪਹੁੰਚੇ ਤੇ ਉਕਤ ਸਨੈਚਰ ਜਿਸ ਦੀ ਪਛਾਣ ਜੈਪਾਲ ਵਾਸੀ ਕੈਲਾਸ਼ ਨਗਰ ਦੇ ਰੂਪ ਵਿਚ ਹੋਈ ਹੈ, ਨੂੰ ਕਾਬੂ ਕਰ ਕੇ ਜਦ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਉੱਥੇ ਮੰਨਿਆ ਕਿ ਉਸ ਦਾ ਇਕ ਹੋਰ ਸਾਥੀ ਸਾਹਮਣੇ ਪਲਾਟ ਵਿਚ ਲੁਕਿਆ ਹੋਇਆ ਹੈ। ਜਿਸ 'ਤੇ ਪੁਲਿਸ ਨੇ ਉਸ ਦੇ ਸਾਥੀ ਮਨੂ ਸੇਵਾਦਾਰ ਵਾਸੀ ਸਰਿਤਾ ਵਿਹਾਰ ਦਿੱਲੀ ਨੂੰ ਵੀ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।