ਰਾਕੇਸ਼ ਗਾਂਧੀ, ਜਲੰਧਰ

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੁਰੱਖਿਆ ਪ੍ਬੰਧਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਚਾਦਰ ਗੈਂਗ ਦੇ ਨੌਜਵਾਨਾਂ ਨੇ ਐਤਵਾਰ ਰਾਤ ਨਕੋਦਰ ਰੋਡ 'ਤੇ ਪੈਂਦੇ ਮੋਬਾਈਲਾਂ ਦੇ ਥੋਕ ਦੇ ਇਕ ਸ਼ੋਅਰੂਮ 'ਤੇ ਧਾਵਾ ਬੋਲਦੇ ਹੋਏ ਅੰਦਰੋਂ ਲੱਖਾਂ ਰੁਪਏ ਦੇ ਮੋਬਾਈਲ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜਾਣਕਾਰੀ ਦਿੰਦੇ ਹੋਏ ਤਰੰਗ ਮੋਬਾਈਲ ਹੱਬ ਨਕੋਦਰ ਰੋਡ ਦੇ ਮਾਲਕ ਸੁਨੀਲ ਨਈਅਰ ਨੇ ਦੱਸਿਆ ਕਿ ਐਤਵਾਰ ਰਾਤ 9 ਵਜੇ ਉਹ ਸ਼ੋਅਰੂਮ ਬੰਦ ਕਰਕੇ ਘਰ ਚਲੇ ਗਏ ਸਨ। ਅੱਜ ਸਵੇਰੇ 10 ਵਜੇ ਜਦੋਂ ਉਹ ਸ਼ੋਅਰੂਮ ਖੋਲ੍ਹਣ ਲਈ ਆਏ ਤਾਂ ਸ਼ੋਅਰੂਮ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰ ਦੁਕਾਨ 'ਚੋਂ ਮਹਿੰਗੇ 15 ਮੋਬਾਈਲ ਤੇ ਅਸੈਸਰੀ ਚੋਰੀ ਕਰਕੇ ਲੈ ਗਏ। ਸੁਨੀਲ ਨਈਅਰ ਨੇ ਕਿਹਾ ਕਿ ਚੋਰਾਂ ਨੇ ਦੁਕਾਨ ਦਾ ਕੋਨਾ-ਕੋਨਾ ਛਾਣਿਆ ਤੇ ਦਰਾਜ ਵਿਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਵੀ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸ਼ੋਅਰੂਮ ਦੇ ਮਾਲਕ ਸੁਨੀਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਦੁਕਾਨ 'ਚੋਂ ਤਕਰੀਬਨ ਛੇ ਲੱਖ ਰੁਪਏ ਤੋਂ ਵੱਧ ਦੀ ਚੋਰੀ ਹੋਈ ਹੈ। ਪੁਲਿਸ ਲਾਗੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

-----

-ਚਾਦਰ ਗੈਂਗ ਦੇ ਮੈਂਬਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਸੀਸੀਟੀਵੀ ਫੁਟੇਜ 'ਚ ਦਿਖਾਈ ਦੇ ਰਿਹਾ ਹੈ ਕਿ 7-8 ਨੌਜਵਾਨ ਦੁਕਾਨ 'ਤੇ ਆਏ ਤੇ ਆਉਂਦੇ ਹੀ ਉਨ੍ਹਾਂ 'ਚੋਂ 3-4 ਨੇ ਚਾਦਰਾਂ ਦੁਕਾਨ ਦੇ ਅੱਗੇ ਤਾਨ ਦਿੱਤੀਆਂ ਤੇ ਗੈਂਗ ਦੇ ਬਾਕੀ ਮੈਂਬਰ ਤਾਲੇ ਤੋੜਨ ਤੋਂ ਬਾਅਦ ਘਟਨਾ ਨੂੰ ਅੰਜਾਮ ਦੇ ਕੇ ਕੁਝ ਸਮੇਂ ਬਾਅਦ ਹੀ ਲੱਖਾਂ ਰੁਪਏ ਦੇ ਮੋਬਾਈਲ ਚੋਰੀ ਕਰ ਕੇ ਲੈ ਗਏ। ਕੁਝ ਸਾਲ ਪਹਿਲਾਂ ਫਗਵਾੜਾ ਗੇਟ 'ਚ ਪੈਂਦੀ ਇਕ ਮੋਬਾਈਲਾਂ ਦੀ ਦੁਕਾਨ 'ਤੇ ਵੀ ਚਾਦਰ ਗੈਂਗ ਨੇ ਹੀ ਇਸੇ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜੋ ਹਾਲੇ ਤਕ ਹੱਲ ਨਹੀਂ ਹੋ ਸਕੀ।

ਮੌਕੇ 'ਤੇ ਪੁੱਜੇ ਥਾਣਾ ਨੰਬਰ ਚਾਰ ਦੇ ਮੁਖੀ ਇੰਸਪੈਕਟਰ ਨਵੀਨਪਾਲ ਸਿੰਘ ਨੇ ਕਿਹਾ ਕਿ ਤਰੰਗ ਮੋਬਾਈਲ ਹੱਬ 'ਤੇ ਕੱਲ੍ਹ ਰਾਤ 10-11 ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ 'ਚ 4 ਨਵੇਂ ਮੋਬਾਈਲ ਤੇ 5 ਪੁਰਾਣੇ ਮੋਬਾਈਲ ਚੋਰੀ ਹੋਏ।ਉਨ੍ਹਾਂ ਕਿਹਾ ਕਿ ਫਿੰਗਰ ਪਿ੍ੰਟ ਐਕਸਪਰਟ ਦੀ ਟੀਮ ਵੱਲੋਂ ਚੋਰਾਂ ਦੇ ਫਿੰਗਰ ਪਿ੍ੰਟ ਆਦਿ ਮੌਕੇ ਤੋਂ ਲਏ ਗਏ ਹਨ ਤੇ ਜਲਦੀ ਹੀ ਉਕਤ ਵਾਰਦਾਤ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਵੀ ਚੋਰਾਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ, ਉਮੀਦ ਹੈ ਕਿ ਜਲਦੀ ਹੀ ਮਾਮਲਾ ਹੱਲ ਹੋ ਜਾਵੇਗਾ।

-----

-ਬਲੈਕ ਮਾਰਕੀਟ 'ਚ ਵੇਚੇ ਜਾਂਦੇ ਨੇ ਕੀਮਤੀ ਮੋਬਾਈਲਾਂ ਦੇ ਪਾਰਟਸ

ਜੇਐੱਨਐੱਨ, ਜਲੰਧਰ : ਮੋਬਾਈਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ 'ਚ ਕਈ ਅਜਿਹੇ ਗਿਰੋਹ ਐਕਟਿਵ ਹਨ, ਜੋ ਕੀਮਤੀ ਮੋਬਾਈਲ ਚੋਰੀ ਕਰਕੇ ਉਸਨੂੰ ਕੌਡੀਆਂ ਦੇ ਭਾਅ 'ਚ ਬਲੈਕ ਮਾਰਕੀਟ 'ਚ ਵੇਚ ਦਿੰਦੇ ਹਨ। ਬਲੈਕ ਮਾਰਕੀਟ 'ਚ ਇਨ੍ਹਾਂ ਨਵੇਂ ਮੋਬਾਈਲਾਂ ਦਾ ਸਵਿਚ ਆਨ ਕੀਤੇ ਬਿਨਾਂ ਹੀ ਇਸਦੇ ਪੁਰਜੇ (ਪਾਰਟਸ) ਕੱਢ ਲਏ ਜਾਂਦੇ ਹਨ। ਇਸ ਤੋਂ ਬਾਅਦ ਇਨ੍ਹਾਂ ਪਾਰਟਸ ਨੂੰ ਅਲੱਗ-ਅਲੱਗ ਕਰਕੇ ਵੇਚਿਆ ਜਾਂਦਾ। ਫਿਰ ਇਹ ਚੋਰੀ ਦੇ ਪਾਰਟਸ ਮੋਬਾਈਲ ਰਿਪੇਅਰਿੰਗ ਸ਼ਾਪ ਵਾਲਿਆਂ ਰਾਹੀਂ ਖਪਾ ਦਿੱਤੇ ਜਾਂਦੇ ਹਨ। ਮੋਬਾਈਲ ਨੂੰ ਖੋਲ੍ਹ ਕੇ ਉਸਦੇ ਪਾਰਟਸ ਅਲੱਗ-ਅਲੱਗ ਕਰ ਦਿੱਤੇ ਜਾਣ ਤੋਂ ਬਾਅਦ ਈਐੱਮਈਆਈ ਨੰਬਰ ਦਾ ਮਹੱਤਵ ਖਤਮ ਹੋ ਜਾਂਦਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੰਨਿਆ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਚੋਰੀ ਕੀਤੇ ਗਏ ਇਨ੍ਹਾਂ 12 ਮੋਬਾਈਲਾਂ ਨੂੰ ਬਲੈਕ ਮਾਰਕੀਟ 'ਚ ਵੇਚ ਦੇਣਗੇ। ਉਕਤ ਵਾਰਦਾਤ 'ਚ ਚੋਰਾਂ ਨੇ ਸਿਰਫ ਐਪਲ ਤੇ ਸੈਮਸੰਗ ਦੇ ਹੀ ਨਵੇਂ ਤੇ ਪੁਰਾਣੇ ਮੋਬਾਈਲ ਚੋਰੀ ਕੀਤੇ ਹਨ। ਜੇਕਰ ਉਹ ਚਾਹੁੰਦੇ ਤਾਂ ਦੂਜੇ ਬ੍ਾਂਡ ਦੇ ਰੱਖੇ ਹੋਏ 500 ਤੋਂ ਜ਼ਿਆਦਾ ਮੋਬਾਈਲਾਂ ਨੂੰ ਵੀ ਚੋਰੀ ਕਰ ਸਕਦੇ ਸਨ। ਉਨ੍ਹਾਂ ਡੱਬੇ ਖੋਲ੍ਹ ਕੇ ਚੈੱਕ ਕੀਤੇ ਪਰ ਇਨ੍ਹਾਂ 'ਚ ਐਪਲ ਤੇ ਸੈਮਸੰਗ ਦਾ ਮੋਬਾਈਲ ਨਾ ਹੋਣ 'ਤੇ ਉਨ੍ਹਾਂ ਉੱਥੇ ਛੱਡ ਦਿੱਤਾ। ਮੁਲਜ਼ਮਾਂ ਦਾ ਟਾਰਗੇਟ ਐਪਲ ਤੇ ਸੈਮਸੰਗ ਦੇ ਮੋਬਾਈਲ ਸਨ ਤਾਂਕਿ ਬਲੈਕ ਮਾਰਕੀਟ 'ਚ ਉਹ ਆਸਾਨੀ ਨਾਲ ਵਿਕ ਸਕਣ। ਇਸਦਾ ਵੱਡਾ ਕਾਰਨ ਇਹ ਵੀ ਹੈ ਕਿ ਜੇਕਰ ਵਾਰੰਟੀ ਜਾਂ ਗਾਰੰਟੀ ਨਾ ਹੋਵੇ ਜਾਂ ਖਤਮ ਹੋ ਗਈ ਹੋਵੇ ਤਾਂ ਐਪਲ ਤੇ ਸੈਮਸੰਗ ਕੇਅਰ ਸੈਂਟਰ 'ਚ ਉਸਦੇ ਪਾਰਟਸ ਤੇ ਸਰਵਿਸ ਬਹੁਤ ਮਹਿੰਗੀ ਹੁੰਦੀ ਹੈ, ਜਦਕਿ ਜੇਕਰ ਗਾਹਕ ਆਪਣਾ ਮੋਬਾਈਲ ਠੀਕ ਕਰਵਾਉਣ ਲਈ ਲੋਕਲ ਦੁਕਾਨ 'ਚ ਜਾਂਦਾ ਹੈ ਤਾਂ ਇਹੀ ਕੰਮ ਸਸਤੇ 'ਚ ਹੋ ਜਾਂਦਾ ਹੈ। ਇੱਥੋਂ ਤਕ ਕਿ ਮੋਬਾਈਲ ਦਾ ਕੋਈ ਪਾਰਟਸ ਚੇਂਜ ਕਰਵਾਉਣਾ ਹੋਵੇ ਤਾਂ ਉਹ ਵੀ ਇੱਥੋਂ ਐਪਲ ਤੇ ਸੈਮਸੰਗ ਸਟੋਰ ਤੋਂ ਕਾਫੀ ਸਸਤੇ 'ਚ ਪੈ ਜਾਂਦਾ ਹੈ। ਇਸਦੇ ਨਾਲ ਹੀ ਦੁਕਾਨਦਾਰ ਪਾਰਟਸ ਦੇ 100 ਫ਼ੀਸਦੀ ਅਸਲੀ ਹੋਣ ਦੀ ਗਾਰੰਟੀ ਵੀ ਦਿੰਦਾ ਹੈ।