ਰਾਕੇਸ਼ ਗਾਂਧੀ, ਜਲੰਧਰ : ਅਰਬਨ ਸਟੇਟ ਵਿਚ ਸਥਿਤ ਮੰਨਾਪੁਰਮ ਫਾਈਨਾਂਸ ਕੰਪਨੀ ਤੇ ਕੁਝ ਦਿਨ ਪਹਿਲਾਂ ਹੋਈ ਲੁੱਟ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ ਹਨ ਜੋ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਲੁੱਟ ਤੋਂ ਤਿੰਨ ਦਿਨ ਪਹਿਲਾਂ ਰੇਕੀ ਕਰਨ ਆਏ ਇਕ ਨੌਜਵਾਨ ਵੱਲੋਂ ਦਫ਼ਤਰ 'ਚ ਆਪਣਾ ਮੋਬਾਈਲ ਨੰਬਰ ਤੇ ਆਧਾਰ ਕਾਰਡ ਦਿੱਤਾ ਗਿਆ ਸੀ ਜੋ ਜਾਂਚ ਵਿਚ ਦੋਵੇਂ ਹੀ ਜਾਅਲੀ ਪਾਏ ਗਏ ਹਨ ਜਿਸ ਕਾਰਨ ਹੁਣ ਪੁਲਿਸ ਦੀ ਰਾਡਾਰ 'ਚ ਮੋਬਾਇਲ ਸਿਮ ਵੇਚਣ ਵਾਲੇ ਤੇ ਆਧਾਰ ਕਾਰਡ ਬਣਾਉਣ ਵਾਲੀਆਂ ਏਜੰਸੀਆਂ ਵੀ ਆ ਗਈਆਂ ਹਨ ਜਿਨ੍ਹਾਂ ਕੋਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਵਿਚ ਜੁਟੀ ਹੋਈ ਹੈ ਕਿ ਉਕਤ ਨੌਜਵਾਨ ਵੱਲੋਂ ਜਾਅਲੀ ਆਧਾਰ ਕਾਰਡ ਕਿਵੇਂ ਬਣਾਇਆ ਗਿਆ ਹੈ ਤੇ ਕਿਸ ਕੋਲੋਂ ਬਣਾਇਆ ਗਿਆ ਹੈ।

ਇਸ ਸਬੰਧੀ ਅਧਿਕਾਰੀ ਸੀਸੀਟੀਵੀ ਕੈਮਰਿਆਂ ਦੀ ਪਿਛਲੇ ਇਕ ਮਹੀਨੇ ਦੀ ਰਿਕਾਰਡਿੰਗ ਚੈੱਕ ਕਰ ਰਹੇ ਹਨ। ਇਸ ਤੋਂ ਇਲਾਵਾ ਸਟਾਫ ਦੇ ਮੈਂਬਰਾਂ ਕੋਲੋਂ ਵੀ ਕਈ ਵਾਰ ਪੁੱਛਗਿੱਛ ਕਰ ਚੁੱਕੇ ਹਨ ਤੇ ਲੁਟੇਰਿਆਂ ਦੇ ਲੋਕਲ ਲਿੰਕ ਲੱਭਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ 20 ਟੀਮਾਂ ਬਣਾਈਆਂ ਗਈਆਂ ਹਨ ਜੋ ਜੇਲ੍ਹਾਂ ਵਿੱਚੋਂ ਬਾਹਰ ਆਏ ਅਪਰਾਧੀਆਂ ਦਾ ਡਾਟਾ ਤਿਆਰ ਕਰ ਰਹੀਆਂ ਹਨ ਤੇ ਪੁਲਿਸ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਪੁਰਾਣੇ ਅਪਰਾਧੀਆਂ 'ਤੇ ਵੀ ਨਜ਼ਰ ਰੱਖੀ ਹੋਈ ਹੈ।