ਅੰਕਿਤ ਸ਼ਰਮਾ, ਜਲੰਧਰ : ਹੁਣ ਸਰਕਾਰੀ ਸਕੂਲਾਂ ਦੇ ਬੱਚੇ ਮੋਬਾਈਲ ਐਪ ਜ਼ਰੀਏ ਪੜ੍ਹਾਈ ਕਰਨਗੇ। ਐਪ 'ਤੇ ਪ੍ਰੀ ਪ੍ਰਾਇਮਰੀ ਤੋਂ 12ਵੀਂ ਜਮਾਤ ਤਕ ਦੇ ਬੱਚਿਆਂ ਨੂੰ ਪੁਸਤਕਾਂ, ਅਧਿਆਪਕਾਂ ਦੇ ਲੈਕਚਰ, ਅਸਾਈਨਮੈਂਟਸ, ਵਰਕਸ਼ੀਟ ਤੇ ਆਨਲਾਈਨ ਟੈਸਟ ਪੇਪਰ ਇਖ ਹੀ ਜਗ੍ਹਾ ਮਿਲਣਗੇ।

ਜ਼ਿਕਰਯੋਗ ਹੈ ਕਿ ਕੋਰੋਨਾ ਕਾਲ 'ਚ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣਾ ਚੁਣੌਤੀ ਭਰਿਆ ਸੀ। ਅਜਿਹੇ 'ਚ ਜਲੰਧਰ ਦੇ ਅੱਠ ਅਧਿਆਪਕਾਂ ਨੇ ਮੋਬਾਈਲ ਐਪ ਤਿਆਰ ਕੀਤਾ ਹੈ। ਸੂਬੇ ਦੇ ਸਿੱਖਿਆ ਵਿਭਾਗ ਨੇ ਪੰਜਾਬ ਐਜੂਕੇਅਰ ਦੇ ਨਾਂ 'ਤੇ ਇਸ ਐਪ ਨੂੰ ਲਾਂਚ ਕੀਤਾ ਹੈ। ਜਲੰਧਰ ਦੇ ਇਨ੍ਹਾਂ ਅੱਠ ਵਿਸ਼ਾ ਮਾਹਰ ਅਧਿਆਪਕਾਂ ਨੇ ਪਹਿਲਾਂ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪੰਜਾਬ ਜਲੰਧਰ (ਪੀਪੀਪੀਪੀ ਜਲੰਧਰ) ਐਪ ਨੂੰ ਤਿਆਰ ਕੀਤਾ ਸੀ, ਜੋ ਛੇਵੀਂ ਤੋਂ 12ਵੀਂ ਜਮਾਤ ਲਈ ਸੀ। ਹੁਣ ਇਸ ਐਪ 'ਚ ਸੁਧਾਰ ਕਰਵਾਇਆ ਗਿਆ ਹੈ।

ਇਸ ਨੂੰ ਹੁਣ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤਕ ਲਈ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਹਿੰਦੀ, ਪੰਜਾਬੀ, ਅੰਗਰੇਜ਼ੀ ਤਿੰਨਾਂ ਭਾਸ਼ਾਵਾਂ 'ਚ ਪੜ੍ਹਾਈ ਸਮੱਗਰੀ ਉਪਲਬਧ ਹੈ। ਜ਼ਿਲ੍ਹਾ ਮੈਂਟੋਰ ਚੰਦਰ ਸ਼ੇਖਰ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵ੍ਹਟਸਐਪ 'ਤੇ ਹੀ ਬੱਚਿਆਂ ਨੂੰ ਸਟੱਡੀ ਮੈਟੀਰੀਅਲ ਤੇ ਵੀਡੀਓਜ਼ ਭੇਜੀਆਂ ਜਾਂਦੀਆਂ ਸੀ, ਜਿਸ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਸੀ। ਇਸ ਕਰ ਕੇ ਮੋਬਾਈਲ ਐਪ ਤਿਆਰ ਕੀਤੀ ਗਈ।

ਪੰਜਾਬ ਐਜੂਕੇਅਰ ਐਪ ਤਿਆਰ ਕਰਨ ਵਾਲੀ ਟੀਮ

ਅੰਗਰੇਜ਼ੀ ਐਂਡ ਸੋਸ਼ਲ ਸਾਇੰਸ ਦੇ ਜ਼ਿਲ੍ਹਾ ਮੈਂਟੋਰ ਚੰਦਰ ਸ਼ੇਖਰ, ਬਲਾਕ ਮੈਂਟੋਰ ਓਮੇਸ਼ਵਰ ਨਾਰਾਇਣ, ਗਣਿਤ ਦੇ ਜ਼ਿਲ੍ਹਾ ਮੈਂਟੋਰ ਜਸਵਿੰਦਰ ਸਿੰਘ ਭਾਮਰਾ, ਬਲਾਕ ਮੈਂਟੋਰ ਦੀਪਕ ਕੁਮਾਰ, ਈਟੀਟੀ ਅਧਿਆਪਕ ਮਨਜੀਤ ਸਿੰਘ ਚਾਵਲਾ, ਸਾਇੰਸ ਐਂਡ ਹਿੰਦੀ ਜ਼ਿਲ੍ਹਾ ਮੈਂਟੋਰ ਹਰਜੀਤ ਕੁਮਾਰ, ਬਲਾਕ ਮੈਂਟੋਰ ਮੁਨੀਸ਼ ਕੁਮਾਰ, ਸਾਇੰਸ ਮਾਸਟਰ ਹਰੀਦਰਸ਼ਨ ਸਿੰਘ ਤੇ ਅੰਕੁਸ਼।