ਵਿਧਾਇਕ ਅਰੋੜਾ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ, ਮੰਗੇ ਪੰਜ ਕਰੋੜ
ਵਿਧਾਇਕ ਰਮਨ ਅਰੋੜਾ ਨੂੰ ਵਿਦੇਸ਼ੀ ਨੰਬਰਾਂ ਤੋਂ ਮਿਲੀਆਂ ਧਮਕੀਆਂ, ਪੰਜ ਕਰੋੜ ਦੀ ਫਿਰੌਤੀ ਦੀ ਮੰਗ
Publish Date: Wed, 12 Nov 2025 07:52 PM (IST)
Updated Date: Wed, 12 Nov 2025 07:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੂੰ ਸ਼ਨਿਚਰਵਾਰ ਸਵੇਰੇ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ’ਤੇ ਕਾਲ ਆਈ ਤੇ ਕਾਲ ਕਰਨ ਵਾਲੇ ਨੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਦੀ ਕਾਲ ਆਉਣ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਧਾਇਕ ਰਮਨ ਅਰੋੜਾ ਨੇ ‘ਪੰਜਾਬੀ ਜਾਗਰਣ’ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਜਦੋਂ ਉਹ ਉਠੇ ਤਾਂ ਉਨ੍ਹਾਂ ਨੂੰ ਵਿਦੇਸ਼ੀ ਨੰਬਰ 1-236-234-7075 ਤੋਂ ਵ੍ਹਟਸਐਪ ਕਾਲ ਆਈ ਸੀ ਪਰ ਉਨ੍ਹਾਂ ਨੇ ਕਾਲ ਨਹੀਂ ਚੁੱਕੀ। ਕੁਝ ਸਮੇਂ ਬਾਅਦ ਦੁਬਾਰਾ ਉਹੀ ਨੰਬਰ ਤੋਂ ਕਾਲ ਆਈ ਤੇ ਫਿਰ ਕੁਝ ਸਮੇਂ ਬਾਅਦ ਤੀਜੀ ਵਾਰ ਆਈ ਤਾਂ ਉਨ੍ਹਾਂ ਨੇ ਕਾਲ ਚੁੱਕ ਲਈ। ਦੂਜੀ ਪਾਸੇ ਗੱਲ ਕਰਨ ਵਾਲੇ ਨੇ ਆਪਣਾ ਨਾਮ ਨਹੀਂ ਦੱਸਿਆ, ਉਹ ਪੰਜਾਬੀ ’ਚ ਗੱਲ ਕਰ ਰਿਹਾ ਸੀ। ਪਹਿਲਾਂ ਉਸ ਨੇ ਵਿਧਾਇਕ ਦੇ ਪਰਿਵਾਰ ਬਾਰੇ ਗੱਲ ਕੀਤੀ ਤੇ ਫਿਰ ਪੰਜ ਕਰੋੜ ਰੁਪਏ ਦੀ ਮੰਗ ਕੀਤੀ। ਵਿਧਾਇਕ ਨੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਾਲ ਕੱਟ ਦਿੱਤੀ। ਦੋ ਮਿੰਟ ਬਾਅਦ ਤੀਜੀ ਵਾਰ ਕਾਲ ਆਈ ਤਾਂ ਵਿਧਾਇਕ ਨੇ ਫਿਰ ਕਾਲ ਚੁੱਕੀ। ਕਾਲ ਕਰਨ ਵਾਲੇ ਨੇ ਫਿਰ ਪੰਜ ਕਰੋੜ ਦੀ ਫਿਰੌਤੀ ਮੰਗੀ ਤੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਪਰਿਵਾਰ ਸਮੇਤ ਗੋਲੀ ਮਾਰ ਦਿੱਤੀ ਜਾਵੇਗੀ ਤੇ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਸਿੰਘ ਨੂੰ ਸ਼ਿਕਾਇਤ ਦਿੱਤੀ ਤੇ ਧਮਕੀ ਭਰੀ ਕਾਲ ਕਰਨ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਡੀਸੀਪੀ ਇਨਵੈਸਟਿਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੂੰ ਸੌਂਪੀ ਹੈ। ਪੁਲਿਸ ਕਾਲ ਡੀਟੇਲ ਰਿਕਾਰਡ ਦੀ ਜਾਂਚ ’ਚ ਜੁੱਟੀ ਹੋਈ ਹੈ, ਪਰ ਇਸ ਦੀ ਅਧਿਕਾਰਕ ਪੁਸ਼ਟੀ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ। --- ਪੁਲਿਸ ਸੁਰੱਖਿਆ ਨਾ ਹੋਣ ਕਾਰਨ ਖਤਰੇ ’ਚ ਵਿਧਾਇਕ ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਵੇਲੇ ਕੋਈ ਪੁਲਿਸ ਸੁਰੱਖਿਆ ਨਹੀਂ ਹੈ। ਧਮਕੀ ਭਰੀ ਕਾਲ ਆਉਣ ਤੋਂ ਬਾਅਦ ਉਹ ਖੁਦ ਨੂੰ ਖਤਰੇ ’ਚ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਹ ਗੱਲ ਪੁਲਿਸ ਕਮਿਸ਼ਨਰ ਦੇ ਧਿਆਨ ’ਚ ਵੀ ਲਿਆਂਦੀ ਹੈ ਤੇ ਕਾਰਵਾਈ ਨਾਲ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਸੁਰੱਖਿਆ ਨਾ ਹੋਣ ਕਾਰਨ ਉਹ ਬਹੁਤ ਘੱਟ ਹੀ ਬਾਹਰ ਨਿਕਲ ਰਹੇ ਹਨ।