ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੂਬੇ 'ਚੋਂ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਹਿ' ਨੂੰ ਸਫਲ ਬਣਾਉਣ ਲਈ ਡੀਸੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੁਹਿੰਮ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡੀਸੀ, ਸੀਪੀ ਤੇ ਐੱਸਐੱਸਪੀ ਨੇ ਦੱਸਿਆ ਕਿ ਇਸ ਦਾ ਮੁੱਢਲਾ ਮੰਤਵ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਵੱਧ ਤੋਂ ਵੱਧ ਜਾਣੂੰ ਕਰਵਾਉਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਤੇ ਸੂਬਾ ਸਰਕਾਰ ਵਿੱਚ ਬਿਹਤਰ ਤਾਲਮੇਲ ਬਣਾ ਕੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਚੌਕਸ ਅਤੇ ਸੁਰੱਖਿਅਤ ਰਹਿਣ ਲਈ ਪ੍ਰਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਕੋਵਿਡ-19 ਖ਼ਿਲਾਫ਼ ਜੰਗ ਨੂੰ ਅੱਗੇ ਵਧਾਉਂਦਿਆਂ ਇਸ ਨੂੰ ਇਕ ਜਨ ਲਹਿਰ 'ਚ ਤਬਦੀਲ ਕਰੇਗਾ। ਤਿੰਨੋ ਅਧਿਕਾਰੀਆਂ ਨੇ ਕਿਹਾ ਕਿ ਮੁਹਿੰਮ ਦੌਰਾਨ ਵਾਇਰਸ ਦੇ ਖ਼ਤਰੇ ਨੂੰ ਪਛਾਣਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। 'ਮਿਸ਼ਨ ਫਤਹਿ' ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਸ ਨਾਲ ਉਹ ਹਰ ਤਰ੍ਹਾਂ ਦੀਆਂ ਅੌਖੀਆਂ ਘੜੀਆਂ ਨੂੰ ਜਿੱਤ 'ਚ ਬਦਲ ਸਕਦਾ ਹੈ। ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਨਤੀਜਾ ਦਾਇਕ ਬਣਾਉਣ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਦੂਰੀ ਬਰਕਰਾਰ ਰੱਖਣ, ਬਜ਼ੁਰਗਾਂ ਦਾ ਧਿਆਨ ਰੱਖਣ, ਬਾਹਰੀ ਲੋਕਾਂ ਦਾ ਉਨਾਂ ਦੇ ਖੇਤਰ ਵਿੱਚ ਆਉਣ 'ਤੇ ਚੌਕਸ ਰਹਿਣ, ਕੋਵਿਡ ਪ੍ਰਭਾਵਿਤ ਮਰੀਜ਼ ਦਾ ਪਤਾ ਲਗਾਉਣ ਲਈ ਕੋਵਾ ਐਪ ਦੀ ਵਰਤੋਂ ਕਰਨ ਅਤੇ ਉਸ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਸਬੰਧੀ ਜਾਗਰੂਕਤਾ ਫੈਲਾਉਣ ਲਈ ਵਿਆਪਕ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਹੋਮ ਕੁਆਰੰਟਾਈਨ ਦੀ ਮਹੱਤਤਾ, ਫਲੂ ਦੇ ਲੱਛਣ ਦਿਸਣ ਤੋਂ ਬਾਅਦ ਕੀਤੇ ਜਾਣ ਵਾਲੇ ਕੰਮਾਂ, ਲਾਕਡਾਊਨ 5.0 ਦੀਆਂ ਪਾਬੰਦੀਆਂ ਅਤੇ ਉਲੰਘਣਾ ਕਰਨ 'ਤੇ ਜੁਰਮਾਨੇ, ਇਕੱਠੇ ਹੋ ਕੇ ਮਹਾਮਾਰੀ ਖਿਲਾਫ਼ ਜੰਗ ਲੜਨ ਸਬੰਧੀ ਵੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡੀਐੱਸਪੀ ਸਰਬਜੀਤ ਰਾਏ, ਸਿਵਲ ਸਰਜਨ ਡਾ.ਗੁਰਿੰਦਰ ਚਾਵਲਾ, ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।