ਜਤਿੰਦਰ ਪੰਮੀ, ਜਲੰਧਰ

'ਪੰਜਾਬੀ ਜਾਗਰਣ' ਤੇ 'ਦੈਨਿਕ ਜਾਗਰਣ' ਵੱਲੋਂ ਪਾਣੀ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਘੰਟੀ ਵਜਾਓ ਪਾਣੀ ਬਚਾਓ' ਨੂੰ ਉਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਪ੍ਰਮੋਸ਼ਨ ਲਈ ਪੁੱਜੀ ਨਵੀਂ ਪੰਜਾਬੀ ਫਿਲਮ 'ਮਿੰਦੋ ਤਹਿਸੀਲਦਾਰਨੀ' ਦੀ ਸਟਾਰ ਕਾਸਟ ਨੇ ਪੰਜਾਬ ਵਾਸੀਆਂ ਨੂੰ ਪਾਣੀ ਬਚਾਉਣ ਲਈ ਜ਼ੋਰਦਾਰ ਤੇ ਫਿਲਮੀ ਅੰਦਾਜ਼ 'ਚ ਅਪੀਲ ਕੀਤੀ। ਫਿਲਮ ਦੇ ਪ੍ਰਰੋਡਿਊਸਰ ਤੇ ਹੀਰੋ ਕਰਮਜੀਤ ਅਨਮੋਲ ਨੇ ਕਿਹਾ ਕਿ 'ਜਾਗਰਣ ਗਰੁੱਪ' ਦਾ ਇਹ ਉਪਰਾਲਾ ਬਹੁਤ ਵਧੀਆ ਹੈ ਕਿਉਂਕਿ ਅੱਜ ਪਾਣੀ ਸਾਡੇ ਲਈ ਮੁੱਖ ਸਮੱਸਿਆ ਬਣਦਾ ਜਾ ਰਿਹਾ ਹੈ। ਜ਼ਮੀਨੀ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾਂ ਡਿੱਗਣ ਕਾਰਨ ਪੰਜਾਬ ਦੀ ਧਰਤੀ ਬੰਜਰ ਬਣਨ ਵੱਲ ਵੱਧ ਰਹੀ ਹੈ ਅਤੇ ਅਗਲੇ 25 ਸਾਲਾਂ ਦੌਰਾਨ ਪਾਣੀ ਲਈ ਲੋਕ ਤਰਸਣਗੇ। ਇਸ ਲਈ ਸਾਰਿਆਂ ਨੂੰ ਪਾਣੀ ਦੀ ਬੱਚਤ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਬੂਟੇ ਲਾਉਣੇ ਵੀ ਜ਼ਰੂਰੀ ਹਨ ਤੇ ਉਹ ਆਪ ਵੀ ਹਰ ਸਾਲ ਆਪਣੇ ਪਿੰਡ ਵਿਚ 100 ਦੇ ਕਰੀਬ ਬੂਟੇ ਲਾਉਂਦੇ ਹਨ। ਏਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਪਿੰਡ ਵਿਚਲੇ ਖੇਤ 'ਚ ਜੰਗਲ ਬੀਜਣ ਲਈ ਬੂਟੇ ਲਾਏ ਹਨ ਅਤੇ ਉਨ੍ਹਾਂ ਨੂੰ ਸੰਭਾਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਫਿਲਮ ਦੀ ਮੁੱਖ ਹੀਰੋਇਨ ਕਵਿਤਾ ਕੌਸ਼ਿਕ, ਈਸ਼ਾ ਰਿਖੀ, ਏਕਤਾ ਗੁਲਾਟੀ ਖੇੜਾ, ਹਾਸਰਸ ਕਲਾਕਾਰ ਹਰਬੀ ਸੰਘਾ ਨੇ ਵੀ 'ਪੰਜਾਬੀ ਜਾਗਰਣ' ਤੇ 'ਦੈਨਿਕ ਜਾਗਰਣ' ਦੀ ਪਾਣੀ ਬਚਾਓ ਮੁਹਿੰਮ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਪਾਣੀ ਬਚਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਪਾਣੀ ਦੀ ਬੱਚਤ ਕਰਨੀ ਬਹੁਤ ਜ਼ਰੂਰੀ ਹੈ।