ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕੋਵਿਡ –19 ਦੇ ਵੱਧ ਰਹੇ ਕੇਸਾਂ ਨੂੰ ਰੋਕਣ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਰੂਰੀ ਸੇਵਾਵਾਂ ਦੀ ਸ਼ੇ੍ਣੀ ਵਿਚ ਆਉਣ ਵਾਲੀਆਂ ਦੁਕਾਨਾਂ ਸਬੰਧੀ ਪੈਦਾ ਹੋਈ ਉਲਝਣ ਨੂੰ ਉਪ ਮੰਡਲ ਮੈਜਿਸਟਰੇਟ ਜਲੰਧਰ-1 ਵੱਲੋਂ ਸਪਸ਼ਟ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਮੰਡਲ ਮੈਜਿਸਟੇਟ ਡਾ. ਜੈ ਇੰਦਰ ਸਿੰਘ ਨੇ ਦੱਸਿਆ ਕਿ ਦਵਾਈਆਂ ਅਤੇ ਜ਼ਰੂਰੀ ਆਈਟਮਾਂ ਜਿਵੇਂ ਦੁੱਧ, ਬ੍ਰੈੱਡ, ਸਬਜ਼ੀਆਂ, ਫ਼ਲ, ਡੇਅਰੀ, ਪੋਲਟਰੀ ਪੋ੍ਡਕਟ ਜਿਵੇਂ ਅੰਡਾ, ਮੀਟ, ਕਰਿਆਨਾ, ਪੀਡੀਐੱਸ ਦੁਕਾਨਾਂ, ਖਾਦਾਂ/ਖੇਤੀਬਾੜੀ ਮਸ਼ੀਨਰੀ/ਸਾਮਾਨ, ਪ੍ਰਚੂਨ/ਹੋਲਸੇਲ ਸ਼ਰਾਬ ਦੀਆਂ ਦੁਕਾਨਾਂ, ਹਾਰਡਵੇਅਰ ਦੀਆਂ ਦੁਕਾਨਾਂ, ਉਦਯੋਗਿਕ ਸਾਮਾਨ ਸੰਦ/ ਮੋਟਰ ਪਾਈਪ ਆਦਿ ਦੀਆਂ ਦੁਕਾਨਾਂ ਜ਼ਰੂਰੀ ਸੇਵਾਵਾਂ ਦੀ ਸ਼ੇ੍ਣੀ ਵਿਚ ਆਉਂਦੀਆਂ ਹਨ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਬੇਕਰੀ/ਮਠਿਆਈ ਦੀਆਂ ਦੁਕਾਨਾਂ, ਵੱਡੇ ਡਿਪਾਰਟਮੈਂਟ ਸਟੋਰਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤਕ ਹੋਮ ਡਲਿਵਰੀ ਕਰਨ ਦੀ ਇਜਾਜ਼ਤ ਹੋਵੇਗੀ। ਇਲੈਕਟ੍ਰਾਨਿਕ, ਟਾਇਰਾਂ ਦੀਆਂ ਦੁਕਾਨਾਂ ਜੋ ਟਾਇਰ ਅਤੇ ਅਲਾਇਸ ਵੇਚਦੀਆਂ ਹਨ, ਕਾਰ ਅਸੈਸਰੀ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ ਹੈ ਜਦਕਿ ਮਕੈਨੀਕਲ ਸਪੇਅਰ ਪਾਰਟਸ/ਵਰਕਸ਼ਾਪ ਸ਼ਾਮ 5 ਵਜੇ ਤਕ ਖੋਲੇ੍ਹ ਜਾ ਸਕਦੇ ਹਨ। ਉਨਾਂ੍ਹ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਦੁਕਾਨਾਂ ਹਫ਼ਤਾਵਾਰੀ ਕਰਫਿਊ (ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ) ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਤਕ ਸ਼ਾਮ 5 ਵਜੇ ਤਕ ਖੋਲ੍ਹੀਆਂ ਜਾ ਸਕਦੀਆਂ ਹਨ। ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਹ ਪਾਬੰਦੀਆਂ ਘਾਤਕ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਕਿਸੇ ਤਰਾਂ੍ਹ ਦੀ ਐਮਰਜੰਸੀ ਤੋਂ ਬਿਨਾਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਮੌਕੇ ਏਸੀਪੀ ਹਰਸਿਮਰਤ ਸਿੰਘ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ ਤੇ ਮੇਜਰ ਸਿੰਘ ਵੀ ਹਾਜ਼ਰ ਸਨ।