ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਕਾਲਜ 'ਚ 15 ਫਰਵਰੀ ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਹ ਮੀਟਿੰਗ ਸਵੇਰੇ 10 ਤੋਂ ਦੁਪਹਿਰ 1 ਵਜੇ ਤਕ ਹੋਵੇਗੀ। ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਡਾ. ਐੱਸਕੇ ਅਰੋੜਾ ਨੇ ਦੱਸਿਆ ਕਿ ਡੀਏਵੀ ਦੇ ਇਤਿਹਾਸ 'ਚ ਅਜਿਹੀ ਇਕੱਤਰਤਾ ਪਹਿਲੀ ਵਾਰ ਹੋ ਰਹੀ ਹੈ, ਵਿਚ ਅਧਿਆਪਕ ਤੇ ਮਾਪੇ ਬੱਚਿਆਂ ਬਾਰੇ ਆਪਸੀ ਸਲਾਹ ਮਸ਼ਵਰੇ ਕਰਨਗੇ। ਉਨ੍ਹਾਂ ਦੱਸਿਆ ਕਿ ਪੀਟੀਐੱਮ ਦੇ ਪ੍ਰਬੰਧ ਦੀ ਜਾਣਕਾਰੀ ਕਾਲਜ ਦੀ ਵੈੱਬਸਾਈਟ ਅਤੇ ਫੇਸਬੁੱਕ ਪੇਜ ਰਾਹੀਂ ਮਾਪਿਆਂ ਨੂੰ ਦਿੱਤੀ ਜਾ ਚੁੱਕੀ ਹੈ। ਇਸ ਮੀਟਿੰਗ ਲਈ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਰੱਖੀ ਗਈ ਹੈ। ਡਾ. ਅਰੋੜਾ ਨੇ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਮਕਸਦ ਅਧਿਆਪਕਾਂ ਅਤੇ ਮਾਤਾ-ਪਿਤਾ ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਤੇ ਸਰਬਪੱਖੀ ਵਿਕਾਸ ਦੇ ਮੁੱਦਿਆਂ 'ਤੇ ਇਕੱਠੇ ਬੈਠ ਕੇ ਚਰਚਾ ਕਰਨਾ ਹੈ। ਇਸ ਦੌਰਾਨ ਵਿਦਿਆਰਥੀਆਂ ਦੀ ਹਾਜ਼ਰੀ, ਕਲਾਸ ਦੀ ਕਾਰਗੁਜ਼ਾਰੀ, ਕਲਾਸ 'ਚ ਸੁਭਾਅ, ਕਾਲਜ ਐਪ, ਖੇਡਾਂ ਅਤੇ ਕਾਲਜ ਵਿਚ ਮਿਲਣ ਵਾਲੀ ਮੁਫ਼ਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮਾਪਿਆਂ ਨੂੰ ਬੱਚਿਆਂ 'ਚ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਅਤੇ ਸਫ਼ਾਈ ਬਾਰੇ ਜਾਗਰੂਕ ਕਰਨ ਲਈ ਪ੍ਰਰੇਰਿਤ ਕੀਤਾ ਜਾਵੇਗਾ। ਸਭ ਤੋਂ ਅਹਿਮ ਇਸ ਮੀਟਿੰਗ ਵਿਚ ਬੱਚਿਆਂ ਦੇ ਵਿਕਾਸ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਮਾਤਾ-ਪਿਤਾ ਦੇ ਸੁਝਾਅ ਵੀ ਲਏ ਜਾਣਗੇ। ਬੱਚਿਆਂ ਦੀ ਓਵਰਆਲ ਹਾਜ਼ਰੀ ਬਾਰੇ ਮਾਤਾ-ਪਿਤਾ ਨੂੰ ਦੱਸਿਆ ਜਾਵੇਗਾ। ਪਿ੍ਰੰਸੀਪਲ ਡਾ. ਅਰੋੜਾ ਨੇ ਕਿਹਾ ਕਿ ਇਹ ਕਾਲਜ ਅਤੇ ਮਾਪਿਆਂ ਵਿਚਾਲੇ ਤਾਲਮੇਲ ਕਾਇਮ ਕਰਨ ਲਈ ਮਹੱਤਵਪੂਰਨ ਕਦਮ ਤੇ ਮੌਕਾ ਹੈ। ਇਸ ਨਾਲ ਨਾ ਹੀ ਸਿਰਫ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੇ ਵਿਕਾਸ ਬਾਰੇ ਪਤਾ ਲੱਗੇਗਾ ਸਗੋਂ ਅਧਿਆਪਕਾਂ ਨੂੰ ਵੀ ਪਤਾ ਲੱਗੇਗਾ ਕਿ ਬੱਚੇ ਘਰੇ ਕਿਸ ਹੱਦ ਤਕ ਮਿਹਨਤ ਕਰਦੇ ਹਨ।